ਕਪੂਰਥਲਾ (ਬਰਿੰਦਰ ਚਾਨਾ) : ਇਨ੍ਹੀਂ ਦਿਨੀਂ ਪੰਜਾਬ ਅੰਦਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ।ਆਟਾ ਨਹੀਂ ਬਣ ਰਿਹਾ।ਇਸ ਕਾਰਨ ਆਟੇ ਦੀ ਕੀਮਤ ਵੀ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।ਆਟੇ ਦੇ ਭਾਅ ਹੋਏ ਭਾਰੀ ਵਾਧੇ ਤੋਂ ਬਾਅਦ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵਧਦੀ ਮਹਿੰਗਾਈ ਨੂੰ ਘੱਟ ਕਰਨ ਦੇ ਕਦਮ ਚੁੱਕਣ ਲਈ ਜ਼ੋਰ ਦੇ ਕੇ ਕਿਹਾ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੂਬੇ ਵਿੱਚ ਜਨਤਕ ਵੰਡ ਪ੍ਰਣਾਲੀ ਰਾਹੀਂ ਲਗਭਗ 1.54 ਕਰੋੜ ਲਾਭਪਾਤਰੀਆਂ ਨੂੰ ਕਣਕ ਦਿੱਤੀ ਜਾਂਦੀ ਹੈ, ਫਿਰ ਵੀ ਪੂਰੀ ਆਬਾਦੀ ਇਸ ਯੋਜਨਾ ਦੇ ਦਾਇਰੇ ਵਿੱਚ ਨਹੀਂ ਆਉਂਦੀ।ਇਸ ਦੌਰਾਨ,ਖ਼ਾਸ ਤੌਰ ਤੇ ਮੱਧ ਵਰਗ ਕਣਕ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦਾ ਖ਼ਮਿਆਜ਼ਾ ਝੱਲ ਰਿਹਾ ਹੈ। ਉਨ੍ਹਾਂਨੇ ਕਿਹਾ ਕਿ ਅਜਿਹੀ ਨਾਜ਼ੁਕ ਸਥਿਤੀ ਚ ਉਨ੍ਹਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।ਉਨ੍ਹਾਂਨੇ ਕਿਹਾ ਕਿ ਲੋਕ ਇਸ ਸਮੇਂ 3600 ਤੋਂ 3700 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਆਟਾ ਖ਼ਰੀਦਣ ਲਈ ਮਜਬੂਰ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਸ ਦੇ 3800 ਰੁਪਏ ਪ੍ਰਤੀ ਕੁਇੰਟਲ ਤੱਕ ਜਾਣ ਦੀ ਉਮੀਦ ਹੈ।ਪਿਛਲੇ ਸਾਲ ਮਈ ਚ ਕਣਕ ਦਾ ਆਟਾ 2650 ਰੁਪਏ ਚ ਮਿਲਦਾ ਸੀ। ਕਣਕ ਦੀਆਂ ਕੀਮਤਾਂ ਵਿਚ ਅਚਾਨਕ ਵਾਧੇ ਨਾਲ ਕਣਕ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਬੈੱਡ,ਬਿਸਕੁਟ ਅਤੇ ਹੋਰ ਬੇਕਰੀ ਉਤਪਾਦ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋਰ ਗਏ ਹਨ।ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਸਮੇਤ ਸਰਕਾਰੀ ਮਸ਼ੀਨਰੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਜਮਾਂਖੋਰ ਸਥਿਤੀ ਨੂੰ ਵਿਗਾੜ ਤਾਂ ਨਹੀਂ ਰਹੇ।ਉਨ੍ਹਾਂਨੇ ਕਿਹਾ ਕਿ ਦਿਨੋ ਦਿਨ ਵਧਦੀ ਜਾ ਰਹੀ ਮਹਿੰਗਾਈ ਕਾਰਨ ਰੋਜ਼ਾਨਾ ਖਾਣ-ਪੀਣ ਦੀਆਂ ਚੀਜ਼ਾਂ ਅਤੇ ਘਰ ਦੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਦੀ ਅਸਮਾਨ ਨੂੰ ਛੂੰਹਦੇ ਰੇਟਾਂ ਨੇ ਗਰੀਬ ਵਰਗ ਦੇ ਨਾਲ-ਨਾਲ ਵੱਧ ਵਰਗ ਦੇ ਲੋਕਾਂ ਦੇ ਮੂੰਹ ਦਾ ਸੁਆਦ ਵੀ ਕੋੜਾ ਕਰਕੇ ਰੱਖ ਦਿੱਤਾ ਹੈ।ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਟਾ, ਦਾਲ,ਸਬਜ਼ੀ,ਗੁੜ,ਘਿਓ ਦੇ ਵਧਦੇ ਰੇਟ ਅਸਮਾਨ ਨੂੰ ਛੂਹਣ ਲੱਗ ਪਏ ਹਨ।ਪਹਿਲਾਂ ਜਿਹੜਾ ਗਰੀਬ ਵਿਅਕਤੀ ਖੰਡ ਨਹੀਂ ਸੀ ਖ਼ਰੀਦ ਸਕਦਾ ਉਹ ਮਿੱਠੇ ਦੀ ਵਰਤੋਂ ਕਰਨ ਲਈ ਗੁੜ ਖ਼ਰੀਦ ਕੇ ਸਾਰ ਲੈਂਦਾ ਸੀ।ਪਰ ਹੁਣ ਤਾਂ ਗੁੜ ਖੰਡ ਨਾਲੋਂ ਵੀ ਮਹਿੰਗਾ ਵਿਕ ਰਿਹਾ ਹੈ।ਇਸੇ ਤਰ੍ਹਾਂ ਪਹਿਲਾ ਜਿਹੜਾ ਗਰੀਬ ਘਿਓ ਨਹੀਂ ਸੀ ਖ਼ਰੀਦ ਸਕਦਾ ਉਹ ਸਰੋਂ ਦਾ ਤੇਲ ਲੈ ਕੇ ਆਪਣਾ ਬੁੱਤਾ ਸਾਰ ਲੈਂਦਾ ਸੀ ਪਰ ਹੁਣ ਤਾਂ ਸ਼ੁੱਧ ਸਰੋਂ ਦਾ ਤੇਲ ਵੀ 180 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਭਾਵ ਕਿ ਘਿਓ ਤੋਂ ਇਕ ਕਦਮ ਅੱਗੇ ਚੱਲ ਰਿਹਾ ਹੈ।ਇਸੇ ਤਰ੍ਹਾਂ ਪਹਿਲਾਂ ਜਿਹੜਾ ਗਰੀਬ ਵਿਅਕਤੀ ਮਹਿੰਗੀਆਂ ਸਬਜ਼ੀਆਂ ਨਹੀਂ ਸੀ ਖਰੀਦ ਸਕਦਾ ਉਹ ਸਤੀਆਂ ਦਾਲਾਂ ਖ਼ਰੀਦ ਕੇ ਆਪਣਾ ਡੰਗ ਟਪਾ ਲੈਂਦਾ ਸੀ ਪਰ ਹੁਣ ਤਾਂ ਦਾਲਾਂ ਵੀ 120 ਰੁਪਏ ਤੋਂ 130 ਰੁਪਏ ਕਿਲੋ ਵਿਕ ਰਹੀਆਂ ਹਨ।ਜੋ ਕਿ ਗਰੀਬ ਵਿਅਕਤੀਆਂ ਦੇ ਵਿੱਤ ਤੋਂ ਬਾਹਰ ਹਨ ਅਤੇ ਫਲਾਂ ਦੀ ਤਾਂ ਗੱਲ ਹੀ ਛੱਡੋ।ਕੁਲਦੀਪ ਸਿੰਘ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।ਪ੍ਰਚੂਨ ਬਾਜ਼ਾਰ ਵਿੱਚ ਮੈਦੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਸਕਦੀ ਹੈ।ਇਸਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ।ਜੇਕਰ ਆਟੇ ਦੀਆਂ ਕੀਮਤਾਂ ਨੂੰ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਪੰਜਾਬ ਸਰਕਾਰ ਨੂੰ ਵਧਦੀ ਮਹਿੰਗਾਈ ਨੂੰ ਘੱਟ ਕਰਨ ਦੇ ਕਦਮ ਚੁੱਕਣੇ ਚਾਹੀਦੇ ਹਨ : ਕੁਲਦੀਪ ਸਿੰਘ
