ਕਪੂਰਥਲਾ (ਬਰਿੰਦਰ ਚਾਨਾ) : ਕਸਬਾ ਢਿੱਲਵਾਂ ਦੇ ਨੇੜੇ ਬੀਤੇ ਸ਼ਨੀਵਾਰ ਨੂੰ ਇੱਕ ਕਾਰ ਚਾਲਕ ਕੋਲੋਂ ਤਿੰਨ ਬਾਈਕ ਸਵਾਰ ਵਿਅਕਤੀਆਂ ਵੱਲੋਂ 4 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਜਿਲਾ ਪੁਲਿਸ ਨੇ ਅਹਿਮ ਖੁਲਾਸੇ ਕੀਤੇ ਹਨ। ਇਸ ਸਬੰਧੀ ਸੀਆਈਏ ਸਟਾਫ ਕਪੂਰਥਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐਸਪੀ (ਡੀ) ਸਰਬਜੀਤ ਰਾਏ ਨੇ ਦਸਿਆ ਕਿ ਇਸ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਂਡ ਖੁੱਦ ਸ਼ਿਕਾਇਤਕਰਤਾ ਪੀੜਤ ਹੀ ਨਿਕਲਿਆ। ਉਸਨੇ ਆਪਣੇ ਦੌਸਤ ਨਾਲ ਮਿਲ ਕੇ ਚਾਰ ਲੱਖ ਰੁਪਏ ਹੜੱਪਣ ਦੀ ਖਾਤਰ ਲੁੱਟ ਦੀ ਇਸ ਘਟਨਾ ਦੀ ਸਾਜਿਸ਼ ਰਚੀ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਦੌਰਾਨੇ ਤਫਤੀਸ਼ ਇਹ ਸਾਰੀ ਗੱਲ ਸਾਹਮਣੇ ਆਈ ਤੇ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਦੌਸਤ ਨੂੰ ਕਾਬੂ ਕਰਦੇ ਹੋਏ ਉਸ ਪਾਸੋਂ 3 ਲੱਖ 85 ਹਜਾਰ ਰੁਪਏ ਬਰਾਮਦ ਕਰ ਲਏ ਗਏ ਹਨ। ਦੱਸਣਯੋਗ ਹੈ ਕਿ ਐਸਪੀ ਡੀ ਸਰਬਜੀਤ ਰਾਏ ਨੇ ਦਸਿਆ ਕਿ ਟੈਕਨੀਕਲ ਟੀਮ ਅਤੇ ਹਿਊਮਨ ਇੰਟੈਲੀਜੈਂਸ ਨੇ ਸ਼ਿਕਾਇਤਕਰਤਾ ਪੀੜਤ ਵਿਅਕਤੀ ਦੇ ਦੌਸਤ ਸੰਤੋਖ ਸਿੰਘ ਉਰਫ ਕੁੱਕੂ ਪੁੱਤਰ ਮਨਜੀਤ ਸਿੰਘ ਵਾਸੀ ਰਈਆਂ ਨੂੰ ਕਾਬੂ ਕੀਤਾ ਤਾਂ ਇਹ ਖੁਲਾਸਾ ਹੋਇਆ ਕਿ ਪੀੜਤ ਗੁਰਮੀਤ ਸਿੰਘ ਨੇ ਚਾਰ ਲੱਖ ਰੁਪਏ ਆਪਣੇ ਇਸ ਦੌਸਤ ਨੂੰ ਦੇ ਕੇ ਭੇਜ ਦਿੱਤਾ ਅਤੇ ਫਿਰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇੱਕ ਸਟੋਰੀ ਬਣਾ ਕੇ ਪੁਲਿਸ ਨੂੰ ਦੱਸੀ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਨੇ ਪਹਿਲਾਂ ਬਿਆਨ ਦਿੱਤਾ ਕਿ ਉਹ ਇੱਕ ਰੇਹੜੀ ’ਤੇ ਜੂਸ ਪੀਣ ਲਈ ਰੁਕਿਆ ਸੀ ਅਤੇ ਆਪਣੀ ਜੈਕਟ ਵਿੱਚ ਪੈਸੇ ਰੱਖੇ ਸਨ ਅਤੇ ਲੁਟੇਰਿਆਂ ਨੇ ਜੈਕਟ ਵਿੱਚੋਂ ਪੈਸੇ ਕੱਢ ਲਏ। ਫਿਰ ਉਸਨੇ ਕਿਹਾ ਕਿ ਲੁਟੇਰਿਆਂ ਨੇ ਸੀਸ਼ਾ ਤੌੜ ਕੇ ਗੱਡੀ ਦੀ ਡੈਸ਼ਬੋਰਡ ਵਿੱਚੋਂ ਪੈਸੇ ਕੱਢੇ ਹਨ। ਜਦੋਂ ਪੁਲਿਸ ਨੇ ਉਸਨੂੰ ਪੁੱਛਿਆਂ ਕਿ ਉਹ ਕਿਹੜੀ ਰੇਹੜੀ ਤੋਂ ਜੂਸ ਪੀ ਰਿਹਾ ਸੀ ਤਾਂ ਉਸ ਦੱਸ ਨਹੀਂ ਸਕਿਆ ਅਤੇ ਘਬਰਾਹਟ ਵਿੱਚ ਕਈ ਗੱਲਾਂ ਕਹਿਣ ਲੱਗਾ। ਫਿਰ ਉਸਨੇ 26 ਜਨਵਰੀ ਨੂੰ ਆ ਕੇ ਆਪਣੇ ਬਿਆਨ ਦਰਜ਼ ਕਰਵਾਏ ਅਤੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਆਪਣੀ ਕਾਰ ਵਿੱਚ ਭਤੀਜੀ ਰਾਜਵੀਰ ਕੌਰ ਨੂੰ ਡਿਪਸ ਸਕੂਲ ਢਿਲਵਾਂ ਵਿੱਚ ਪੇਪਰ ਲਈ ਛੱਡ ਕੇ ਜਲੰਧਰ ਚਲਾ ਗਿਆ ਜਿਥੇ ਉਸਨੇ ਜੇਐਸ ਬਿਲਡਰ ਪਠਾਨਕੋਟ ਚੌਂਕ ਦੇ ਨਜਦੀਕ ਆਪਣੇ ਭਤੀਜੇ ਅਮਰਜੀਤ ਸਿੰਘ ਕੋਲੋਂ 4 ਲੱਖ ਰੁਪਏ ਉਧਾਰ ਲਏ ਅਤੇ ਆਪਣੀ ਜੈਕਟ ਵਿੱਚ ਪਾ ਲਏ ਅਤੇ ਗੱਡੀ ਵਿੱਚ ਬੈਠਣ ਤੋਂ ਬਾਅਦ ਉਸਨੇ ਇਹ ਪੈਸੇ ਜੈਕਟ ਵਿੱਚੋਂ ਕੱਢ ਕੇ ਡੈਸ਼ਬੋਰਡ ਵਿੱਚ ਰੱਖ ਲਏ ਅਤੇ ਵਾਪਸ ਡਿਪਸ ਸਕੂਲ ਢਿਲਵਾਂ ਵਿੱਚ ਆਪਣੀ ਭਤੀਜੀ ਨੂੰ ਲੈਣ ਆਇਆ, ਜਦੋਂ ਉਹ ਪਾਣੀ ਵਾਲੀ ਟੈਂਕੀ ਦੇ ਨਜਦੀਕ ਪਹੁੰਚਿਆਂ ਤਾਂ ਤਿੰਨ ਬੈਗ ਸਵਾਰਾਂ ਨੇ ਉਸਦੀ ਕਾਰ ਦੇ ਬਰਾਬਰ ਆ ਕੇ ਕਾਰ ਦਾ ਸ਼ੀਸ਼ਾ ਤੌੜ ਕੇ ਡੈਸ਼ ਬੋਰਡ ਵਿੱਚੋਂ 4 ਲੱਖ ਰੁਪਏ ਕੱਢ ਲਏ। ਐਸਪੀ ਰਾਏ ਨੇ ਦਸਿਆ ਕਿ ਪੁਲਿਸ ਵੱਲੋਂ ਪੀੜਤ ਸ਼ਿਕਾਇਤਕਰਤਾ ਗੁਰਮੀਤ ਸਿੰਘ ਦੇ ਦੌਸਤ ਸੰਤੋਖ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 3 ਲੱਖ 85 ਹਜਾਰ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ ਗੁਰਮੀਤ ਸਿੰਘ ਪੁੱਤਰ ਮਹਿੰਦਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲ਼ਾ ਸ਼ਾਤਿਰ ਕਾਬੂ, ਖੁੱਦ ਪੀੜਤ ਹੀ ਨਿਕਲਿਆ ਵਾਰਦਾਤ ਦਾ ਮਾਸਟਰ ਮਾਈਂਡ
