ਕਪੂਰਥਲਾ ਨਿਊਜ਼ : ਹਾਲ ਹੀ ਵਿੱਚ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਨਾਜਾਇਜ਼ ਸ਼ਰਾਬ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇਸ ਸਬੰਧੀ ਐਕਸਾਈਜ਼ ਵਿਭਾਗ ਵੱਲੋਂ ਬੀਤੇ ਦਿਨੀਂ ਅੰਮ੍ਰਿਤਪੁਰ, ਰਾਜੇਵਾਲ ਅਤੇ ਸ਼ੇਰਪੁਰ ਡੋਗਰਾਂ ਦੇ ਮੰਡ ਖੇਤਰ ਵਿੱਚ ਏ.ਸੀ. ਐਕਸੀਅਨ ਕੇ.ਪੀ.ਟੀ. ਸ਼੍ਰੀ ਨਵਜੀਤ ਸਿੰਘ ਅਤੇ ਈ.ਓ. ਐਕਸਾਈਜ਼ ਸ਼੍ਰੀ ਐਸ.ਐਸ. ਚਾਹਲ ਦੀ ਨਿਗਰਾਨੀ ਹੇਠ ਆਬਕਾਰੀ ਇੰਸਪੈਕਟਰ ਜੇ.ਪੀ. ਸਿੰਘ, ਗੋਪਾਲ ਘੇੜਾ ਅਤੇ ਸਿਮਰਨਪ੍ਰੀਤ ਸਿੰਘ ਦੇ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ 10500 ਲੀਟਰ ਲਾਹਣ ਬਰਾਮਦ ਕੀਤੀ ਗਈ ਅਤੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਆਬਕਾਰੀ ਅਫਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਉਪ ਕਮਿਸ਼ਨਰ(ਆਬਕਾਰੀ) ਜਲੰਧਰ ਜੋਨ ਜਲੰਧਰ ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹੇ ਵਿਚ ਨਜਾਇਜ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਪ੍ਰਤੀ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਵਾਸਤੇ ਪਿੰਡਾਂ ਵਿੱਚ ਲਾਊਡ ਸਪੀਕਰਾਂ ਰਾਹੀ ਮੁਨਾਦੀ ਕਰਵਾ ਕੇ ਅਤੇ ਪੈਮਫਲੈਟ ਵੰਡ ਕੇ ਐਕਸਾਈਜ਼ ਵਿਭਾਗ ਵੱਲੋ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂਨੇ ਦੱਸਿਆ ਕਿ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿੱਚ ਮੁਨਾਦੀ ਕਰਵਾਈ ਗਈ ਅਤੇ ਨਜਾਇਸ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਐਕਸਾਈਜ ਵਿਭਾਗ ਵਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਧੰਦਾ ਕਰਨ ਵਾਲੇ ਲੋਕਾਂ ਬਾਰੇ ਪੁਲਿਸ ਅਤੇ ਐਕਸਾਈਜ ਵਿਭਾਗ ਨੂੰ ਸੂਚਿਤ ਕੀਤਾ ਜਾਵੇ।ਉਨ੍ਹਾਂਨੇ ਕਿਹਾ ਕਿ ਬਿਆਸ ਦਰਿਆ ਦੇ ਨਾਲ ਲਗਦੇ ਮੰਡ ਏਰੀਏ ਵਿੱਚ ਹੁਣ ਤੱਕ 10500 ਲੀਟਰ ਲਾਹਣ ਨੂੰ ਨਸ਼ਟ ਕੀਤਾ ਗਿਆ ਹੈ।ਇਸ ਤੋਂ ਇਲਾਵਾ ਲਗਾਤਾਰ ਨਾਕੇ ਅਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ। ਜਿਲ੍ਹੇ ਵਿੱਚ ਪੈਂਦੇ ਸਾਰੇ ਸਪਿਰਿਟ ਦੇ ਲਸੰਸੀ (ਐਲ-17) ਅਤੇ ਪੇਟ ਅਤੇ ਹਾਰਵੇਅਰ ਦੀਆਂ ਦੁਕਾਨਾ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਜੋ ਵੀ ਸਪਿਰਿਟ ਥਿੰਨਰ ਦੀ ਸੇਲ ਕੀਤੀ ਜਾ ਰਹੀ ਹੈ ਉਸ ਦਾ ਪੂਰਾ ਰਿਕਾਰਡ ਰਜਿਸਟਰ ਲਗਾ ਕੇ ਮੈਂਟੇਨ ਕੀਤਾ ਜਾਵੇ,ਜਿਸ ਵਿੱਚ ਖਰੀਦਣ ਵਾਲੇ ਦਾ ਨਾਮ,ਪਤਾ, ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਕੁਐਂਟੀਟੀ ਦਰਜ ਕੀਤੀ ਜਾਵੇ।ਆਸ਼ਕਾਰੀ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕੋਈ ਵੀ ਮਾੜਾ ਅਨਸਰ ਸ਼ਰਾਬ ਦੀ ਤਸਕਰੀ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਆਬਕਾਰੀ ਦਫਤਰ ਵਿੱਚ ਦਿੱਤੀ ਜਾ ਸਕਦੀ ਹੈ।ਇਹ ਅਭਿਆਨ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗਾ। ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲੇ ਅਨਸਰਾਂ ਵਿਰੁੱਧ ਆਬਕਾਰੀ ਵਿਭਾਗ ਕਪੂਰਥਲਾ ਵੱਲੋਂ ਚੈਕਿੰਗ ਨਿਰੰਤਰ ਜਾਰੀ ਰਹੇਗੀ ਅਤੇ ਰਿਕਵਰੀ ਹੋਣ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਖਿਲਾਫ ਆਬਕਾਰੀ ਵਿਭਾਗ ਦੇ ਵਲੋਂ ਅਭਿਆਨ ਸ਼ੁਰੂ, 10500 ਲੀਟਰ ਲਾਹਣ ਕੀਤੀ ਨਸ਼ਟ
