ਵਿਧਾਇਕ ਖੈਰਾ ਨੇ ਲਗਾਏ ਸਿਆਸੀ ਬਦਲਾਖੋਰੀ ਦੇ ਦੋਸ਼
ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਬਾਰੇ ਐਸਈਸੀ ਨੂੰ ਲਿਖਿਆ ਪੱਤਰ
ਕਪੂਰਥਲਾ ਨਿਊਜ਼/ਢਿੱਲਵਾਂ
ਢਿਲਵਾਂ ਨੇੜੇ ਸਥਿਤ ਹਾਈਵੇ ’ਤੇ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਦੇ ਆਰਕੇ ਢਾਬੇ ਨੂੰ ਨਗਰ ਪੰਚਾਇਤ ਢਿਲਵਾਂ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਅਵੇਧ ਨਿਰਮਾਣ ਹੋਣ ਦੇ ਆਰੋਪਾਂ ਹੇਠ ਢਾਬੇ ਦਾ ਕੁਝ ਹਿੱਸਾ ਟਰੈਕਟਰ ਦੀ ਮਦਦ ਨਾਲ ਢਾਹ ਦਿੱਤਾ ਗਿਆ। ਕਾਰਵਾਈ ਨੂੰ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਰਾਜ ਚੋਣ ਕਮਿਸ਼ਨ (ਐਸਈਸੀ) ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਦੇ ਦਬਾਅ ਹੇਠ ਕੁਝ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਕਾਂਗਰਸੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਕਿ ਮਾਡਲ ਚੋਣ ਆਚਾਰ ਸੰਹਿਤਾ ਦੀ ਸਿੱਧੀ ਉਲੰਘਣਾ ਹੈ। ਮੰਗਲਵਾਰ ਦੁਪਹਿਰ ਕਰੀਬ ਡੇਢ ਵਜੇ ਨਗਰ ਪੰਚਾਇਤ ਦੇ ਈਓ ਰਣਦੀਪ ਸਿੰਘ ਵੜੈਚ, ਏਐਮਈ ਗਗਨਦੀਪ ਸਿੰਘ, ਐਸਓ ਅਭਿਨਵ ਅਤੇ ਥਾਣਾ ਢਿਲਵਾਂ ਦੀ ਪੁਲਿਸ ਟੀਮ ਹਾਈਵੇ ’ਤੇ ਸਥਿਤ ਆਰਕੇ ਢਾਬੇ ’ਤੇ ਪਹੁੰਚੀ। ਦੱਸਿਆ ਗਿਆ ਕਿ ਵਾਰ-ਵਾਰ ਭੇਜੇ ਨੋਟਿਸਾਂ ਨੂੰ ਅਣਦੇਖਾ ਕਰਨ ਕਾਰਨ ਢਾਬੇ ਦੇ ਤਿੰਨ ਹਾਲਾਂ ਨੂੰ ਸੀਲ ਕੀਤਾ ਗਿਆ ਅਤੇ ਅਵੇਧ ਨਿਰਮਾਣ ਢਾਹ ਦਿੱਤਾ ਗਿਆ। ਈਓ ਨੇ ਚੇਤਾਵਨੀ ਦਿੱਤੀ ਕਿ ਜੇ ਸੀਲ ਤੋੜੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਵਿਧਾਇਕ ਖੈਰਾ ਨੇ ਕਿਹਾ ਕਿ ਇਹ ਸੰਪਤੀ ਰਾਮੀਦੀ ਜੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਮਨੋਜ ਕੁਮਾਰ ਨਾਲ ਸੰਬੰਧਿਤ ਹੈ। ਚੋਣਾਂ ਦੌਰਾਨ ਕੀਤੀ ਗਈ ਇਹ ਕਾਰਵਾਈ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਉਮੀਦਵਾਰਾਂ ਨੂੰ ਡਰਾਉਣ ਅਤੇ ਦਬਾਉਣ ਲਈ ਕੀਤਾ ਗਿਆ ਕਦਮ ਹੈ।


ਖੈਰਾ ਨੇ ਇਹ ਵੀ ਦੱਸਿਆ ਕਿ ਭੁਲੱਥ ਦੇ ਕੂਕਾ ਜੋਨ ਤੋਂ ਕਾਂਗਰਸ ਦੇ ਬਲਾਕ ਸਮਿਤੀ ਉਮੀਦਵਾਰ ਸਹਿਜਪਾਲ ਚੀਮਾ ਨੂੰ ਥਾਣਾ ਬੇਗੋਵਾਲ ਵਿੱਚ ਦਰਜ ਐਫਆਈਆਰ ਨੰਬਰ 102 (16 ਦਸੰਬਰ) ਵਿੱਚ ਗਲਤ ਤਰੀਕੇ ਨਾਲ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਐਸਈਸੀ ਤੋਂ ਮੰਗ ਕੀਤੀ ਕਿ ਸੰਬੰਧਿਤ ਈਓ ਦਾ ਤਬਾਦਲਾ ਕੀਤਾ ਜਾਵੇ ਅਤੇ ਕਾਂਗਰਸੀ ਉਮੀਦਵਾਰਾਂ ਖ਼ਿਲਾਫ਼ ਹੋ ਰਹੀਆਂ ਬਦਲੇ ਦੀ ਕਾਰਵਾਈਆਂ ਤੁਰੰਤ ਰੋਕੀਆਂ ਜਾਣ। ਉੱਥੇ ਹੀ ਨਗਰ ਪੰਚਾਇਤ ਢਿਲਵਾਂ ਦੇ ਈਓ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਢਾਬਾ ਮਾਲਕ ਨੂੰ ਪਹਿਲਾਂ ਹੀ ਛੇ ਨੋਟਿਸ ਜਾਰੀ ਕੀਤੇ ਗਏ ਸਨ। ਢਾਬੇ ਦਾ ਸੀਐਲਯੂ ਨਹੀਂ ਹੋਇਆ, ਉੱਪਰੋਂ ਹਾਈਟੈਂਸ਼ਨ ਤਾਰਾਂ ਲੰਘਦੀਆਂ ਹਨ ਅਤੇ ਨਿਰਮਾਣ ਅਵੇਧ ਹੈ। ਮਿਊਂਸਪਲ ਐਕਟ ਦੀ ਧਾਰਾ 220 ਤਹਿਤ ਨੋਟਿਸ ਦੇ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ, ਜਿਸਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ। ਏਡੀਸੀ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਪਰ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਕੇ ਜਾਂਚ ਕਰਵਾਈ ਜਾਵੇਗੀ।

