ਸ਼ਿਵ ਸੈਨਾ ਊਧਵ ਦੇ ਆਗੂ ਅਸ਼ਵਨੀ ਕੁੱਕੂ ਦੇ ਘਰ ਗੋਲੀਬਾਰੀ ਦੀ ਘਟਨਾ ਦੀ ਕਾਲੀਆ ਨੇ ਕੀਤੀ ਨਿਖੇਧੀ
ਕਪੂਰਥਲਾ ਨਿਊਜ਼ : ਤਰਨਤਾਰਨ ਵਿਖੇ ਵੀਰਵਾਰ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਆਗੂ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਤੇ ਗੋਲੀਆਂ ਚਲਾਉਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਕਿਹਾ ਕਿ ਆਏ ਦਿਨ ਖਾਲਿਸਤਾਨ ਸਮਰਥਕਾਂ ਵੱਲੋਂ ਅਜਿਹੇ ਹਮਲਿਆਂ ਨੂੰ ਅੰਜਾਮ ਦੇਣਾ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਹਮਲੇ ਦੀ ਜ਼ਿੰਮੇਵਾਰੀ ਲੈਣਾ ਸਰਕਾਰ ਅਤੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਕੁੱਕੂ ਨੂੰ ਪਿਛਲੇ ਕੁਝ ਮਹੀਨਿਆਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੇ ਲਈ ਖਾਲਿਸਤਾਨ ਸਮਰਥਕਾਂ ਵੱਲੋਂ ਫੋਨ ਆ ਰਹੇ ਸਨ ਅਤੇ ਕੁੱਕੂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਅਜਿਹੀ ਘਟਨਾ ਦਾ ਵਾਪਰ ਜਾਣਾ ਪੰਜਾਬ ਦੀ ਸੁਰੱਖਿਆ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਕਾਲੀਆ ਨੇ ਕਿਹਾ ਕਿ ਗੰਨਮੈਨ ਦੇ ਸਹਾਰੇ ਰਾਜਨੀਤੀਕ ਆਗੂਆਂ ਦਾ ਚਲਣਾ ਇੱਕ ਸਟੇਟਸ ਸਿੰਬਲ ਬਣ ਗਿਆ ਹੈ।ਅੱਜਕੱਲ੍ਹ ਜ਼ਿਆਦਾਤਰ ਸੱਤਾ ਦੇ ਨੇੜੇ ਰਹਿਣ ਵਾਲੇ ਛੋਟੇ ਕੱਦ ਦੇ ਨੇਤਾ ਵੀ ਗੰਨਮੈਨ ਲੈ ਕੇ ਘੁੰਮਦੇ ਨਜ਼ਰ ਆ ਰਹੇ ਹਨ, ਪਰ ਪੰਜਾਬ ਸਮੇਤ ਕਪੂਰਥਲਾ ਦੇ ਹਿੰਦੂ ਜਥੇਬੰਦੀਆਂ ਦੇ ਬਹੁਤੇ ਆਗੂ ਬਿਨਾਂ ਗੰਨਮੈਨ ਦੇ ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਲੱਗੇ ਰਹਿੰਦੇ ਹਨ। ਕਾਲੀਆ ਨੇ ਕਿਹਾ ਕਿ ਆਏ ਦਿਨ ਹਿੰਦੂ ਨੇਤਾਵਾਂ ਤੇ ਹੋਏ ਜਾਨਲੇਵਾ ਹਮਲਿਆਂ ਤੋਂ ਬਾਅਦ ਪੰਜਾਬ ਚ ਹਿੰਦੂ ਨੇਤਾਵਾਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸੰਗਠਨਾਂ ਦੇ ਆਗੂ ਹਮੇਸ਼ਾ ਅੱਤਵਾਦ ਦੇ ਖਿਲਾਫ ਆਵਾਜ਼ ਉਠਾਉਂਦੇ ਹਨ।ਆਖ਼ਰ ਉਨ੍ਹਾਂ ਦੀ ਸੁਰੱਖਿਆ ਵਾਪਸ ਕਿਉਂ ਲਈ ਜਾਂਦੀ ਹੈ। ਹਿੰਦੂ ਨੇਤਾਵਾਂ ਦੇ ਸੁਰੱਖਿਆ ਕਰਮਚਾਰੀ ਕਦੇ ਦੇ ਦਿੱਤੇ ਜਾਂਦੇ ਹਨ ਅਤੇ ਕਦੇ ਵਾਪਸ ਲੈ ਲਏ ਜਾਂਦੇ ਹਨ। ਕਾਲੀਆ ਨੇ ਕਿਹਾ ਕਿ ਜੋ ਹਿੰਦੂ ਸੰਗਠਨਾਂ ਦੇ ਨੇਤਾ ਅੱਤਵਾਦ ਅਤੇ ਹੋਰ ਸਮਾਜ ਵਿਚ ਫੈਲਿਆ ਬੁਰਾਈਆਂ ਖਿਲਾਫ ਆਵਾਜ਼ ਚੁੱਕਦੇ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿੰਦੂ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਸ਼ਿਵ ਸੈਨਿਕਾਂ ਨੂੰ ਖਾਲਿਸਤਾਨੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨਾ ਪਿਆ। ਕਾਲੀਆ ਨੇ ਕਿਹਾ ਕਿ ਪੰਜਾਬ ਦੇ ਹਿੰਦੂ ਹਰ ਰੋਜ਼ ਅਜਿਹੀਆਂ ਘਟਨਾਵਾਂ ਤੋਂ ਬਾਅਦ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਦੇ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਹਲਕੇ ਵਿੱਚ ਲੈ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਹਿੰਦੂ ਆਗੂਆਂ ਕਾਰਨ ਹੀ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰਾ ਮਜ਼ਬੂਤ ਹੈ।ਉਨ੍ਹਾਂਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਤੋਂ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ।