ਕਪੂਰਥਲਾ ਨਿਊਜ਼ : ਪੂਰੇ ਸੂਬੇ ਵਾਂਗ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਵੀ ਚੋਰਾਂ, ਲੁਟੇਰਿਆਂ, ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਰੋਜਾਨਾ ਸ਼ਹਿਰ ਵਿੱਚ ਦਾਤਰ ’ਤੇ ਮੋਬਾਇਲ, ਮੋਟਰਸਾਈਕਲ, ਨਗਦੀ ਖੋਹਣ ਤੋਂ ਇਲਾਵਾ ਦਿਨ ਦਿਹਾੜੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਂਦੇ ਹੋਏ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਾਵਨ ਨਗਰੀ ਵਿੱਚ ਅੱਜ ਪਹਿਲਾਂ ਨਕਾਬ ਪੋਸ਼ ਲੁਟੇਰਿਆਂ ਵੱਲੋਂ ਪਿੰਡ ਹੈਬਤਪੁਰ ਦੇ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਤਲਵੰਡੀ ਰੋਡ ਤੇ ਵੱਖ-ਵੱਖ ਘਟਨਾਵਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਸੂਰਜ ਪੁੱਤਰ ਰਾਮ ਪ੍ਰਕਾਸ਼ ਜੋ ਕਰਾਈਸਟ ਜੋਤੀ ਕਾਨਵੈਂਟ ਸਕੂਲ ਦੇ ਨਜ਼ਦੀਕ ਰਹਿੰਦਾ ਹੈ ਉਸ ਦਾ ਮੋਬਾਈਲ ਖੋ ਲਿਆ। ਇਸ ਤਰ੍ਹਾਂ ਪੁੱਡਾ ਮੋੜ ਕਲੋਨੀ ਤੇ ਇੱਕ ਇਲੈਕਟ੍ਰੀਸ਼ੀਅਨ ਜਗੀਰ ਸਿੰਘ ਪੁੱਤਰ ਦਰਸ਼ਨ ਸਿੰਘ ਮੰਡ ਅਲੂਵਾਲ ਜੋ ਆਪਣੇ ਮੋਟਰਸਾਈਕਲ ਤੇ ਪਿੰਡ ਨੂੰ ਜਾ ਰਿਹਾ ਸੀ ਤਾਂ ਇੱਕ ਨਕਾਬਪੋਸ਼ ਲੁਟੇਰੇ ਨੇ ਪਹਿਲਾਂ ਉਸ ਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਥੱਲੇ ਸੁੱਟ ਦਿੱਤਾ ਤੇ ਫਿਰ ਜਦੋਂ ਉਸਨੇ ਜੇਬ ਵਿੱਚੋਂ ਮੋਬਾਇਲ ਕੱਢ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਉਹ ਮੋਬਾਈਲ ਖੋ ਕੇ ਫਰਾਰ ਹੋ ਗਿਆ। ਘਟਨਾ ਦੇ ਸ਼ਿਕਾਰ ਹੋਏ ਜਗੀਰ ਸਿੰਘ ਨੇ ਦੱਸਿਆ ਕਿ ਇੰਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਲੁਟੇਰੇ ਦਾ ਪਿੱਛਾ ਵੀ ਕੀਤਾ ਪਰੰਤੂ ਉਹ ਦੌੜਨ ਵਿੱਚ ਕਾਮਯਾਬ ਹੋ ਗਿਆ। ਉਸਨੇ ਦੱਸਿਆ ਕਿ ਭੱਜਦੇ ਹੋਏ ਉਸ ਦਾ ਮੋਟਰਸਾਈਕਲ ਦਾ ਨੰਬਰ ਪੀਬੀ 47 97 63 ਪੜਿਆ ਹੈ। ਸ਼ਹਿਰ ਵਿੱਚ ਰੋਜਾਨਾ ਹੋ ਰਹੀਆਂ ਵਾਰਦਾਤਾਂ ਨਾਲ ਸ਼ਹਿਰ ਨਿਵਾਸੀਆਂ ਤੇ ਹਲਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਦੁਬਾਰਾ ਹੋ ਜਾਣਗੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਕਿਹਾ ਕਿ ਹੁਣ ਦੇ ਸਮੇਂ ਵਿੱਚ ਅਜਿਹਾ ਜਾਪਦਾ ਹੈ ਕਿ ਕੋਈ ਵੀ ਵਿਅਕਤੀ ਦਿਨ ਦੇ ਸਮੇਂ ਵੀ ਸੁਰੱਖਿਤ ਨਹੀਂ ਹੈ। ਉਹਨਾਂ ਕਿਹਾ ਕਿ ਹਲਕੇ ਦੀ ਸਭ ਤੋਂ ਵੱਧ ਤੇਜ ਤੇ ਭੀੜ ਵਾਲੀ ਸੜਕ ਤੇ ਅਜਿਹੀ ਬੇਖੌਫ ਵਾਰਦਾਤ ਨੇ ਪੁਲਿਸ ਨੂੰ ਵੀ ਮੂਕ ਦਰਸ਼ਕ ਬਣਾ ਦਿੱਤਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਿਸ ਦੀ ਨਫਰੀ ਵਧਾ ਕੇ ਗਸ਼ਤ ਨੂੰ ਤੇਜ਼ ਕੀਤਾ ਜਾਵੇ ਅਤੇ ਅਜਿਹੇ ਵਾਰਦਾਤ ਨੂੰ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟ ਕੇ ਸ਼ਹਿਰ ਨਿਵਾਸੀਆਂ ਨੂੰ ਰਾਹਤ ਦਿੱਤੀ ਜਾਵੇ । ਇਸ ਸਬੰਧੀ ਐਸਐਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰੇ ਨੂੰ ਕਾਬੂ ਕਰ ਲਿਆ ਜਾਵੇਗਾ।
ਸੁਲਤਾਨਪੁਰ ਲੋਧੀ ਵਿੱਚ ਲੁਟੇਰੇ ਦਿਨ ਦਿਹਾੜੇ ਮੋਟਰਸਾਈਕਲ ਤੇ ਮੋਬਾਈਲ ਖੋਹ ਕੇ ਫ਼ਰਾਰ
