ਜਾਂਚ ਦੌਰਾਨ 5 ਹੋਰ ਚੋਰੀ ਦੇ ਬਾਈਕ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ, ਮਾਮਲਾ ਦਰਜ
ਕਪੂਰਥਲਾ (ਬਰਿੰਦਰ ਚਾਨਾ) : ਸੀਆਈਏ ਸਟਾਫ ਕਪੂਰਥਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅੱਠ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਹ ਗਿਰੋਹ ਵੱਖ-ਵੱਖ ਥਾਵਾਂ ’ਤੇ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦਾ ਸੀ, ਜਿਸ ਵਿੱਚ ਸਕੂਟਰ ਵੀ ਚੋਰੀ ਕੀਤੇ ਜਾਂਦੇ ਸਨ। ਇਸ ਗਿਰੋਹ ਨੂੰ ਪੁਲਿਸ ਨੇ ਵਿਲਾ ਕੋਠੀ ਦੇ ਕੋਲ ਨਾਕਾਬੰਦੀ ਦੌਰਾਨ ਕਾਬੂ ਕੀਤਾ, ਜਿਨ੍ਹਾਂ ਪਾਸੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਤੋਂ ਬਾਅਦ ਉਨ੍ਹਾਂ ਦੀ ਸੂਚਨਾ ’ਤੇ ਪੰਜ ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 8 ਚੋਰੀਸ਼ੁਦਾ ਸਪਲੈਂਡਰ ਬਾਈਕ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ। ਇਸ ਸਬੰਧੀ ਡੀਐਸਪੀ (ਡੀ) ਪਰਮਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਅਤੇ ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਕਈ ਹੋਰ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਏਐਸਆਈ ਗੁਰਦੇਵ ਸਿੰਘ ਨੇ ਪੁਲਿਸ ਟੀਮ ਸਮੇਤ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਵਿਲਾ ਕੋਠੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਚੋਰੀ ਦੇ ਤਿੰਨ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਹੋਏ। ਜਦੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ 5 ਸਪਲੈਂਡਰ ਬਾਈਕ ਅਤੇ ਇੱਕ ਐਕਟਿਵਾ ਵੀ ਬਰਾਮਦ ਹੋਈ। ਦੂਜੇ ਪਾਸੇ ਡੀਐਸਪੀ (ਡੀ) ਪਰਮਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜ਼ਮਾਂ ਦੀ ਪਹਿਚਾਣ ਵਿੱਕੀ ਪੁੱਤਰ ਜਸਵੀਰ ਘਾਰੂ ਵਾਸੀ ਮੁਹੱਲਾ ਪ੍ਰੀਤ ਨਗਰ ਥਾਣਾ ਸਿਟੀ ਕਪੂਰਥਲਾ, ਪਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਡੋਗਰਾਂਵਾਲ ਥਾਣਾ ਸੁਭਾਨਪੁਰ ਅਤੇ ਜਗਦੀਪ ਸਿੰਘ ਉਰਫ ਜੱਗੀ ਪੁੱਤਰ ਸਾਧੂ ਸਿੰਘ ਵਾਸੀ ਕਾਦੁਪੁਰ ਥਾਣਾ ਕੋਤਵਾਲੀ ਕਪੂਰਥਲਾ ਵਜੋ ਹੋਈ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਵਿੱਕੀ ਕਾਰ ਧੋਣ ਦਾ ਕੰਮ ਕਰਦਾ ਹੈ, ਪਰਮਿੰਦਰ ਸਿੰਘ ਮੈਡੀਕਲ ਸਟੋਰ ਚਲਾਉਂਦਾ ਹੈ ਅਤੇ ਤੀਜਾ ਮੁਲਜ਼ਮ ਜਗਦੀਪ ਸਿੰਘ ਪਿੰਡ ਕਾਦੂਪੁਰ ਨੇੜੇ ਆਂਡੇ ਵੇਚਣ ਦਾ ਕੰਮ ਕਰਦਾ ਹੈ। ਤਿੰਨਾਂ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।