ਸਾਂਤਮਈ ਤੇ ਨਿਰਪੱਖ ਮਤਦਾਨ ਲਈ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਵੱਧ ਚੜਕੇ ਕਰਨ ਦਾ ਸੱਦਾ

ਪੋਲਿੰਗ ਪਾਰਟੀਆਂ ਰਵਾਨਾ – 661 ਬੂਥਾਂ ਉੱਪਰ ਬੈਲਟ ਪੇਪਰ ਨਾਲ ਪੈਣਗੀਆਂ ਵੋਟਾਂ

ਕਪੂਰਥਲਾ ਨਿਊਜ਼ ਨੈੱਟਵਰਕ (13 ਦਸੰਬਰ 25) : ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਕੱਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਲਈ ਅੱਜ ਵੱਖ ਵੱਖ ਥਾਵਾਂ ਤੋਂ ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਵਕ ਤੇ ਨਿਰਪੱਖ ਮਤਦਾਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਹਰੇਕ ਪੋਲਿੰਗ ਬੂਥ ਉੇਪਰ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਗਏ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀਆਂ ਦੇ 88 ਜ਼ੋਨਾਂ ਲਈ ਵੋਟਾਂ ਪੈਣਗੀਆਂ। ਇਸ ਲਈ ਜ਼ਿਲ੍ਹੇ ਭਰ ਵਿੱਚ 661 ਪੋਲਿੰਗ ਬੂਥ ਬਣਾਏ ਗਏ ਹਨ ਜਿੱਥੇ ਬੈਲਟ ਪੇਪਰ ਨਾਲ ਵੋਟਰ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਅੱਜ ਐਸ ਐਸ ਪੀ ਸ੍ਰੀ ਗੌਰਵ ਤੂਰਾ ਸਮੇਤ ਵਿਰਸਾ ਵਿਹਾਰ ਵਿਖੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤੇ ਜਾਣ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੋਂ ਇਲਾਵਾ ਬਲਾਕ ਸੰਮਤੀ ਨਡਾਲਾ , ਫਗਵਾੜਾ , ਕਪੂਰਥਲਾ , ਸੁਲਤਾਨਪੁਰ ਲੋਧੀ ਤੇ ਫੱਤੂਢੀਂਗਾ ਦੇ 88 ਜ਼ੋਨਾਂ ਲਈ ਵੋਟਿੰਗ ਹੋਵੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਜਮਹੂਰੀ ਹੱਕ ਦੀ ਵੱਧ ਚੜਕੇ ਵਰਤੋਂ ਕਰਨ । ਇਸ ਮੌਕੇ ਐਸ ਐਸ ਪੀ ਸ੍ਰੀ ਗੌਰਵ ਤੂਰਾ ਨੇ ਕਿਹਾ ਕਿ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਲਈ 1800 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ । ਇਸ ਤੋਂ ਇਲਾਵਾ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਲਈ ਵਾਧੂ ਨਫਰੀ ਤਾਇਨਾਤ ਕੀਤੀ ਗਈ ਹੈ । ਇਸ ਤੋਂ ਇਲਾਵਾ ਹਰੇਕ 20 ਪਿੰਡਾਂ ਲਈ ਗਸ਼ਤ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਐਸ ਪੀ ਗੁਰਪ੍ਰੀਤ ਸਿੰਘ ਗਿੱਲ, ਡੀ ਐਸ ਪੀ ਡਾ ਸ਼ੀਤਲ ਸਿੰਘ , ਐਸ ਡੀ ਐਮ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ ।

Leave a Reply

Your email address will not be published. Required fields are marked *

Translate »
error: Content is protected !!