ਕਪੂਰਥਾਲਾ ਨਿਊਜ਼ : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਹਮੀਰਾ ਫੈਕਟਰੀ ਨੇੜੇ ਫਲਾਈਓਵਰ ਤੋਂ ਪਹਿਲਾ ਸਰੀਏ ਨਾਲ ਲੱਦਿਆ ਇਕ ਟਰੱਕ ਡਰੇਨ ਚ ਪਲਟ ਗਿਆ। ਜਿਸ ਕਾਰਨ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਖੁਸ਼ਕਿਸਮਤੀ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਤੋਂ ਸਰੀਆਂ ਲੋਡ ਕਰ ਕੇ ਬਟਾਲਾ ਵੱਲ ਜਾ ਰਿਹਾ ਸੀ।ਇਸ ਦੌਰਾਨ ਜਦੋਂ ਉਹ ਅੱਜ ਤੜਕੇ ਢਾਈ ਵਜੇ ਦੇ ਕਰੀਬ ਹਮੀਰਾ ਫੈਕਟਰੀ ਨੇੜੇ ਪੁੱਜਾ ਤਾਂ ਹਮੀਰਾ ਫਲਾਈਓਵਰ ਦੇ ਅੱਗੇ ਇੱਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੱਕ ਜੀਟੀ ਰੋਡ ਅਤੇ ਸਰਵਿਸ ਲਾਈਨ ਦੇ ਵਿਚਕਾਰ ਡਰੇਨ ਵਿੱਚ ਪਲਟ ਗਿਆ। ਜਿਸ ਨਾਲ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਚ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਕੋਈ ਸੱਟ ਨਹੀਂ ਲੱਗੀ। ਸੂਚਨਾ ਮਿਲਣ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਆਰ.ਪੀ.ਓ ਅਵਤਾਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧ ਕਰਕੇ ਆਵਾਜਾਈ ਨੂੰ ਨਿਯਮਤ ਕੀਤਾ। ਟਰੈਕ ਵਿੱਚ ਲੱਦੇ ਸਰੀਏ ਨੂੰ ਦੂਜੇ ਟਰੱਕ ਵਿੱਚ ਲੱਦ ਕੇ ਟਰੱਕ ਖਾਲੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਾਈਡਰਾ ਨੂੰ ਬੁਲਾਇਆ ਗਿਆ ਅਤੇ ਟਰੱਕ ਨੂੰ ਡਰੇਨ ਵਿੱਚੋਂ ਬਾਹਰ ਕੱਢਿਆ ਗਿਆ। ਪੈਦਲ ਚੱਲਣ ਵਾਲੇ ਅਤੇ ਸਥਾਨਕ ਲੋਕਾਂ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਡਰੇਨ ਨੂੰ ਪੂਰੀ ਤਰ੍ਹਾਂ ਸਲੈਬ ਨਾਲ ਢੱਕਿਆ ਜਾਵੇ ਅਤੇ ਇਸ ਦੇ ਨਾਲ ਰੇਲਿੰਗ ਵੀ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਸਰੀਏ ਨਾਲ ਭਰਿਆ ਟਰੱਕ ਡਰੇਨ ਚ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
