ਕਪੂਰਥਲਾ (ਬਰਿੰਦਰ ਚਾਨਾ) : ਹਰ ਐਤਵਾਰ ਦੀ ਤਰ੍ਹਾਂ ਅੱਜ ਫੇਰ ਦ ਓਪਨ ਡੋਰ ਚਰਚ ਖੋਜੇ ਵਾਲਾ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਹੋਇਆ। ਜਿਸ ਵਿੱਚ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਪਹੁੰਚੀਆਂ ਹਜ਼ਾਰਾਂ ਹੀ ਸੰਗਤਾਂ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਪਰਮੇਸ਼ਵਰ ਜੀ ਦੇ ਚਰਨਾਂ ਵਿੱਚ ਹਾਜਰੀ ਲਵਾਈ। ਪ੍ਰਾਰਥਨਾ ਸਭਾ ਦਾ ਆਰੰਭ ਚਰਚ ਦੇ ਆਪਣੀ ਵਰਸ਼ਿਪ ਟੀਮ ਵੱਲੋਂ ਪ੍ਰਭੂ ਪਿਆਰ ਨਾਲ ਭਰੇ ਰਸ ਭਿੰਨੇ ਗੀਤ ਭਜਨ ਗਾ ਕੇ ਕੀਤਾ ਗਿਆ। ਜਿਸ ਦਾ ਪ੍ਰਭੂ ਭਵਨ ਵਿੱਚ ਪਹੁੰਚੀ ਸਾਰੀ ਸੰਗਤ ਨੇ ਬਹੁਤ ਹੀ ਆਨੰਦ ਮਾਣਿਆ। ਉਪਰੰਤ ਜਿਨਾਂ ਸੰਗਤਾਂ ਦੀ ਜਿੰਦਗੀ ਵਿੱਚ ਪਰਮੇਸ਼ਵਰ ਜੀ ਨੇ ਅਚੰਭੇ ਕੰਮ ਕੀਤੇ ਸਨ ਉਹਨਾਂ ਸਾਰੇ ਲੋਕਾਂ ਨੇ ਮਾਇਕ ਤੇ ਆ ਕੇ ਸਾਰੀਆਂ ਸੰਗਤਾਂ ਦੇ ਸਾਹਮਣੇ ਦੱਸਿਆ ਅਤੇ ਪਰਮੇਸ਼ਰ ਜੀ ਦਾ ਧੰਨਵਾਦ ਕੀਤਾ। ਫਿਰ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਟੇਜ ਤੋਂ ਪਵਿੱਤਰ ਬਾਈਬਲ ਵਿੱਚੋਂ ਪਰਮੇਸ਼ਵਰ ਜੀ ਦੇ ਵਚਨਾਂ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਦੱਸਿਆ ਕਿ ਅੱਜ ਕੱਲ ਹਰ ਇਨਸਾਨ ਚਾਹੁੰਦਾ ਹੈ ਕਿ ਬਰਕਤ ਮੈਨੂੰ ਹੀ ਮਿਲੇ ਪਰ ਆਪਣੇ ਆਪ ਨੂੰ ਬਰਕਤ ਲੈਣ ਦੇ ਕਾਬਲ ਨਹੀਂ ਬਣਾਉਂਦਾ। ਕਿਉਂਕਿ ਜਿੰਨਾ ਚਿਰ ਅਸੀਂ ਪਰਮੇਸ਼ਰ ਜੀ ਦੇ ਦੱਸੇ ਵਚਨਾਂ ਉੱਪਰ ਵਿਸ਼ਵਾਸ ਕਰਕੇ ਵਚਨਾਂ ਨੂੰ ਮੰਨਣਾ ਸ਼ੁਰੂ ਨਹੀਂ ਕਰਦੇ ਉਨਾ ਚਿਰ ਬਰਕਤਾਂ ਦਾ ਆਉਣਾ ਔਖਾ ਹੈ। ਪਾਸਟਰ ਹਰਪ੍ਰੀਤ ਦਿਓਲ ਜੀ ਨੇ ਵਚਨਾਂ ਵਿੱਚੋਂ ਬੋਲਦਿਆਂ ਦੱਸਿਆ ਕਿ ਪਵਿੱਤਰ ਬਾਈਬਲ ਵਿੱਚ ਮਰਕਸ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਤੁਸੀਂ ਜੋ ਕੁਝ ਵੀ ਪ੍ਰਾਰਥਨਾ ਕਰਕੇ ਅਤੇ ਵਿਸ਼ਵਾਸ ਕਰਕੇ ਮੰਗੋਗੇ ਉਹ ਤੁਹਾਨੂੰ ਮਿਲ ਜਾਵੇਗਾ। ਜਿਨਾਂ ਨੂੰ ਅੱਜ ਤੱਕ ਕੁਝ ਨਹੀਂ ਮਿਲਿਆ ਤਾਂ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਤੁਸੀਂ ਪ੍ਰਾਰਥਨਾ ਅਤੇ ਵਿਸ਼ਵਾਸ ਵਿੱਚ ਮਜਬੂਤ ਬਣੋ। ਪਵਿੱਤਰ ਬਾਈਬਲ ਵਿੱਚ ਵਿਸ਼ਵਾਸ ਬਾਰੇ ਅਨੇਕਾਂ ਥਾਵਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਦੇ ਉਪਦੇਸ਼ ਆਉਂਦੇ ਹਨ ਅਤੇ ਬਾਰ-ਬਾਰ ਕਿਹਾ ਗਿਆ ਹੈ ਕਿ ਤੁਸੀਂ ਮਜਬੂਤੀ ਨਾਲ ਵਿਸ਼ਵਾਸ ਕਰੋ ਤਾਂ ਪਰਮੇਸ਼ਰ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਗੇ। ਉਪਰੰਤ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਲਈ ਅਤੇ ਸਮੂਹ ਮਾਨਵਤਾ ਲਈ ਸਰਬੱਤ ਦੇ ਭਲੇ ਵਾਲੀ ਪ੍ਰਾਰਥਨਾ ਕੀਤੀ ਅਤੇ ਕਾਮਨਾ ਕੀਤੀ ਕਿ ਪਰਮੇਸ਼ਰ ਹਮੇਸ਼ਾ ਹੀ ਹਰ ਥਾਂ ਸੁੱਖ ਸ਼ਾਂਤੀ ਬਣਾਈ ਰੱਖਣ ਅਤੇ ਮਾਨਵਤਾ ਵਿੱਚ ਆਪਸੀ ਪਿਆਰ ਇਤਫਾਕ ਬਣਿਆ ਰਹੇ।
ਵਿਸ਼ਵਾਸ ਵਿੱਚ ਢਿੱਲੇ ਵਿਅਕਤੀ ਨੂੰ ਕੁਝ ਵੀ ਨਹੀਂ ਮਿਲਦਾ : ਪਾਸਟਰ ਹਰਪ੍ਰੀਤ ਦਿਓਲ
