ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਸੂਬੇ ਚ ਸਿੱਖੋ ਅਤੇ ਕਮਾਓ ਯੋਜਨਾ ਸ਼ੁਰੂ ਕਰੇ : ਰਾਕੇਸ਼ ਕੇਸ਼ਾ

ਕਪੂਰਥਲਾ (ਬਰਿੰਦਰ ਚਾਨਾ) : ਨੌਜਵਾਨ ਵਰਗ ਨੂੰ ਕੰਮ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਆਪਣਾ ਕੋਈ ਵੀ ਕੰਮ ਕਰਨ ਲਈ ਸਹੂਲਤਾਂ ਅਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ,ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧੇ ਅਤੇ ਉਹ ਕੰਮ ਕਰਨ ਲਈ ਉਤਸ਼ਾਹਿਤ ਹੋਣ।ਨੌਜਵਾਨਾਂ ਨੂੰ ਲਾਰਡ ਮੌਕਾਲੇ ਦੀ ਸਿੱਖਿਆ ਦੇ ਨਾਲ-ਨਾਲ ਹੱਥਾਂ ਦੇ ਹੁਨਰ ਦੀ ਸਿੱਖਿਆ ਦਿੱਤੀ ਜਾਵੇ,ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਆਸਾਨੀ ਨਾਲ ਕਮਾ ਸਕਣ ਅਤੇ ਸਰਕਾਰੀ ਨੌਕਰੀਆਂ ਤੇ ਉਨ੍ਹਾਂ ਦੀ ਨਿਰਭਰਤਾ ਘਟਾਈ ਜਾ ਸਕੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਕੇਸ਼ ਕੇਸ਼ਾ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂਨੇ ਕਿਹਾ ਕਿ ਅੱਜ ਦੇ ਨੌਜਵਾਨ ਸਿਰਫ਼ ਸਰਕਾਰੀ ਨੌਕਰੀ ਹਾਸਲ ਕਰਨ ਲਈ ਹੀ ਪੜ੍ਹਦੇ ਹਨ ਅਤੇ ਡਿਗਰੀਆਂ ਹਾਸਲ ਕਰਦੇ ਹਨ,ਨਾ ਕਿ ਗਿਆਨ ਹਾਸਲ ਕਰਨ ਅਤੇ ਵਿਵਾਹਰਿਕਤਾ ਦੇ ਲਈ।ਇਹ ਸਿਰਫ਼ ਇਕਪਾਸੜ ਵਿਕਾਸ ਹੈ,ਸਮੁੱਚੇ ਵਿਕਾਸ ਲਈ ਕੋਈ ਪਹਿਲਕਦਮੀ ਨਹੀਂ,ਜੋ ਅੱਜ ਦੇ ਸੰਦਰਭ ਵਿਚ ਕਿਸੇ ਵੀ ਹਾਲ ਵਿੱਚ ਉਚਿਤ ਨਹੀਂ ਕਿਹਾ ਜਾ ਸਕਦਾ।ਨੌਜਵਾਨਾਂ ਨੂੰ ਹੁਨਰ ਵਿਕਾਸ ਕਰਨਾ ਹੋਵੇਗਾ ਅਤੇ ਸਰਕਾਰੀ ਨੌਕਰੀਆਂ ਦਾ ਲਾਲਚ ਛੱਡਣਾ ਹੋਵੇਗਾ ਕਿਉਂਕਿ ਭਾਰਤ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ।ਇਸ ਵਧਦੀ ਆਬਾਦੀ ਵਿੱਚ ਹਰ ਕਿਸੇ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਸੰਭਵ ਨਹੀਂ ਹੈ।ਕੇਸ਼ਾ ਨੇ ਕਿਹਾ ਕਿ ਦੇਸ਼ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਕਈ ਪ੍ਰਭਾਵਸ਼ਾਲੀ ਪਹਿਲਕਦਮੀਆਂ ਦੀ ਲੋੜ ਹੈ।ਖਾਸ ਕਰਕੇ ਹੁਨਰ-ਅਧਾਰਤ ਅਧਿਆਪਨ ਨੂੰ ਵਿਸ਼ੇਸ਼ ਤੌਰ ਤੇ ਸਿੱਖਿਆ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਨਿਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।ਨਵੀਨਤਾ ਅਤੇ ਤਕਨੀਕੀ ਉੱਦਮਤਾ ਨੂੰ ਉਤਸ਼ਾਹਿਤ ਕਰਕੇ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ।ਕਿੱਤਾਮੁਖੀ ਕੋਰਸਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਚਾਹੀਦਾ ਹੈ।ਇਸ ਦੇ ਨਾਲ ਹੀ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਸਹਿਯੋਗ ਵੀ ਜ਼ਰੂਰੀ ਹੈ।ਉਨ੍ਹਾਂਨੇ ਕਿਹਾ ਕਿ ਰੁਜ਼ਗਾਰ ਹਾਸਲ ਕਰਨ ਦੇ ਲਈ ਸਭ ਤੋਂ ਵੱਡਾ ਮੌਕਾ ਸਵੈ-ਰੁਜ਼ਗਾਰ ਸਥਾਪਤ ਕਰਨ ਵਿੱਚ ਹੈ।ਸਰਕਾਰ ਹੁਨਰ ਵਿਕਾਸ ਅਤੇ ਰੁਜ਼ਗਾਰ ਮੁਖੀ ਸਿੱਖਿਆ ਨੂੰ ਹਾਈ ਸਕੂਲ ਪੱਧਰ ਤੋਂ ਹੀ ਲਾਗੂ ਕਰ ਦੇਣਾ ਚਾਹੀਦਾ ਹੈ।ਹੁਨਰ ਨੂੰ ਅਪਗ੍ਰੇਡ ਕਰਨ ਨਾਲ ਨਿੱਜੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਹਨ।ਖੁਦ ਦਾ ਰੁਜ਼ਗਾਰ ਸਥਾਪਤ ਕਰਨ ਲਈ ਆਸਾਨ ਸ਼ਰਤਾਂ ਤੇ ਬੈਂਕਾਂ ਤੋਂ ਕਰਜ਼ੇ ਲੈਣ ਦੀ ਸਹੂਲਤ ਨੌਜਵਾਨਾਂ ਨੂੰ ਉਪਲਬਧ ਹੋਣੀ ਵੀ ਜ਼ਰੂਰੀ ਹੈ।ਸਰਕਾਰੀ ਨੌਕਰੀਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਣਾ ਚਾਹੀਦਾ ਹੈ।ਪੇਂਡੂ ਖੇਤਰਾਂ ਵਿੱਚ ਮਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਮਜ਼ਦੂਰਾਂ ਨੂੰ ਰੁਜ਼ਗਾਰ ਲਈ ਇਧਰ-ਉਧਰ ਭਟਕਣਾ ਨਹੀਂ ਪਵੇਗਾ।ਕੇਸ਼ਾ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਪਰ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਸਰਕਾਰ ਨੂੰ ਸੂਬੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਿੱਖੋਂ ਅਤੇ ਕਮਾਓ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ,ਤਾਂ ਜੋ ਬੇਰੁਜ਼ਗਾਰ ਵਿਅਕਤੀ ਨੂੰ ਕੰਪਿਊਟਰ,ਸਿਲਾਈ,ਦੋਨਾ ਪੱਤਲ ਆਦਿ ਦੇ ਬਾਰੇ ਪਹਿਲਾ ਸਿਖਲਾਈ ਦਿੱਤੀ ਜਾਵੇ,ਤਾਂ ਜੋ ਉਹ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ।ਇਸ ਦੇ ਲਈ ਬੇਰੁਜ਼ਗਾਰਾਂ ਨੂੰ ਜ਼ੀਰੋ ਫੀਸਦੀ ਵਿਆਜ ਦਰ ਤੇ ਕਰਜ਼ੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਰੁਜ਼ਗਾਰ ਦਫ਼ਤਰ ਵਿੱਚ ਹਰ ਮਹੀਨੇ ਭਰਤੀ ਲਈ ਕੈਂਪ ਲਗਾਇਆ ਜਾਣਾ ਚਾਹੀਦਾ ਹੈ।ਇਸਦੀ ਜਾਣਕਾਰੀ ਬੇਰੋਜ਼ਗਾਰ ਵਿਅਕਤੀਆਂ ਨੂੰ ਮੋਬਾਈਲ ਤੇ ਮੈਸੇਜ ਰਾਹੀਂ ਦਿੱਤੀ ਜਾਣੀ ਚਾਹੀਦੀ ਹੈ,ਤਾਂ ਜੋ ਰੋਜ਼ਗਾਰ ਦਫ਼ਤਰ ਸਥਾਪਿਤ ਹੋ ਸਕੇ ਅਤੇ ਨਿੱਜੀ ਖੇਤਰ ਵੱਲੋਂ ਲਗਾਏ ਗਏ ਭਰਤੀ ਕੈਂਪ ਵਿੱਚ ਰੁਜ਼ਗਾਰ ਪ੍ਰਾਪਤ ਹੋ ਸਕੇ।

Leave a Reply

Your email address will not be published. Required fields are marked *

Translate »
error: Content is protected !!