ਪੰਜਾਬ ਦੇ ਲੋਕਾਂ ਨੂੰ ਬੁੱਢੇ ਦਰਿਆ ਨਾਲ ਜੋੜਨ ਲਈ ਇਸ਼ਨਾਨ ਘਾਟ ਬਣਾਉਣ ਦੀ ਸ਼ੁਰੂਆਤ

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤ ਨੂੰ ਸੇਵਾ ਵਿੱਚ ਹਿੱਸਾ ਪਾਉਣ ਦੀ ਅਪੀਲ

ਕਪੂਰਥਲਾ (ਬਰਿੰਦਰ ਚਾਨਾ) : ਪਵਿੱਤਰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜੁਟੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਮਾਲਪੁਰ 225 ਐਮਐਲਡੀ ਟਰੀਟਮੈਂਟ ਪਲਾਂਟ ਦੇ ਨੇੜੇ ਬੁੱਢੇ ਦਰਿਆ ਤੇ ਨਵੇਂ ਇਸ਼ਨਾਨ ਘਾਟਾਂ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ। ਇਹ ਘਾਟ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਬਣਾਏ ਘਾਟਾਂ ਦੇ ਤਰਜ਼ ’ਤੇ ਬਣਾਏ ਜਾਣਗੇ। ਇਸ ਕਾਰਜ਼ ਤਹਿਤ ਹੁਣ ਤੱਕ ਰਿਕਾਰਡ ਸਮੈਂ ਵਿੱਚ ਇਸ ਘਾਟ ‘ਤੇ ਪੰਜ ਪੌੜੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।ਇਸ਼ਨਾਨ ਘਾਟਾਂ ਦੀ ਸ਼ੁਰੂਆਤ ਤੋਂ ਪਹਿਲਾਂ, ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ ਕਿ ਬੁੱਢਾ ਦਰਿਆ, ਜੋ ਕਿ ਪੰਜਾਬੀਆਂ ਦੀ ਧਾਰਮਿਕ ਵਿਰਾਸਤ ਦਾ ਹਿੱਸਾ ਹੈ, ਉਸ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਕੇ ਇਸਦੀ ਪੁਰਾਤਨ ਸ਼ਾਨ ਬਹਾਲ ਕਰਨ ਵਿੱਚ ਸਹਾਇਤਾ ਮਿਲੇ। ਉਥੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਇਸ ਮੌਕੇ ਉੱਤੇ ਇਸ਼ਨਾਨ ਘਾਟ ਬਣਾਉਣ ਦੀ ਕਾਰ-ਸੇਵਾ ਵਿੱਚ ਹਿੱਸਾ ਲਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਦੀ ਤਬਾਹੀ ਇਕ ਵੱਡੀ ਤਰਾਸਦੀ ਹੈ, ਕਿਉਂਕਿ ਇਹ ਦਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੁੱਢੇ ਦਰਿਆ ਦੀ ਸਥਿਤੀ ਵਿੱਚ ਜਿਹੜੀ ਲਾਪਰਵਾਹੀ ਹੋਈ ਹੈ, ਉਸ ਦੇ ਲਈ ਸਰਕਾਰਾਂ, ਪ੍ਰਸ਼ਾਸ਼ਨਿਕ ਅਧਿਕਾਰੀ ਸਮੇਤ ਹਰ ਵਰਗ ਜ਼ਿੰਮੇਵਾਰ ਹੈ। ਸੰਤ ਸੀਚੇਵਾਲ ਨੇ ਯਾਦ ਕਰਦੇ ਹੋਏ ਕਿਹਾ ਕਿ 2003 ਵਿੱਚ ਜਦੋਂ ਪਵਿੱਤਰ ਵੇਈਂ ’ਤੇ ਇਸ਼ਨਾਨ ਘਾਟ ਬਣਾਏ ਗਏ ਸਨ, ਤਦ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਇਸ ਵਿੱਚ ਕਦੇ ਸਾਫ ਪਾਣੀ ਵੀ ਵਗੇਗਾ। ਪਰ ਅੱਜ ਇਹ ਵੇਈਂ ਸਾਫ ਹੈ, ਅਤੇ ਇਸ ਦਾ ਪਾਣੀ ਪੀਣਯੋਗ ਬਣ ਗਿਆ ਹੈ, ਜਿਸਦਾ ਟੀਡੀਐਸ 140 ਦੇ ਕਰੀਬ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ ਤੇਜ਼ੀ ਨਾਲ ਨਿਰੰਤਰ ਜਾਰੀ ਹਨ। ਜਿਸ ਤਰ੍ਹਾਂ ਪ੍ਰਯਾਗਰਾਜ ਵਿੱਚ ਮਹਾਂਕੁੰਭ ਮੌਕੇ ਲੱਖਾਂ ਲੋਕ ਇਸ਼ਨਾਨ ਕਰ ਰਹੇ ਹਨ, ਓਸੇ ਤਰ੍ਹਾਂ ਬੁੱਢੇ ਦਰਿਆ ਨੂੰ ਮੁੜ ਪਵਿੱਤਰ ਬਣਾ ਕਿ ਇੱਥੇ ਵੀ ਇਸ਼ਨਾਨ ਕੀਤਾ ਜਾਵੇਗਾ।ਇਸ ਮੌਕੇ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਰਣਜੋਧ ਸਿੰਘ, ਸੁਨੀਲ ਵਰਮਾ ਅਤੇ ਹੋਰ ਬਹੁਤ ਸਾਰੇ ਲੋਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਕਾਰ-ਸੇਵਾ ਵਿੱਚ ਸ਼ਾਮਿਲ ਹੋ ਕੇ ਮਦਦ ਕੀਤੀ।ਸਾਰੇ ਭੁਲੇਖੇ ਦੂਰ ਹੋ ਜਾਣਗੇ: ਕਾਰ ਸੇਵਕਸੰਤ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਵਾਲੇ ਤਜਰਬੇਕਾਰ ਕਾਰ ਸੇਵਕ ਹੁਣ ਬੁੱਢਾ ਦਰਿਆ ਵਿਖੇ ਕਾਰ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਬੁੱਢਾ ਦਰਿਆ ਕਦੇ ਸਾਫ਼ ਨਹੀਂ ਹੋ ਸਕਦਾ, ਉਹ ਗਲਤ ਹਨ। ਉਹਨਾਂ ਕਿਹਾ ਕਿ ਜਲਦ ਹੀ ਹੁਣ ਪਵਿੱਤਰ ਵੇਈਂ ਵਾਂਗ ਬੁੱਢਾ ਦਰਿਆ ਵੀ ਪ੍ਰਦੂਸ਼ਣ ਮੁਕਤ ਹੋ ਜਾਵੇਗਾ।ਪਵਿੱਤਰ ਕਾਲੀ ਬੇਣੀ ਦੀ ਕਾਰ ਸੇਵਾ ਵਿੱਚ ਸੰਤ ਸੀਚੇਵਾਲ ਦੀ ਸਭ ਤੋਂ ਵੱਡੀ ਪ੍ਰਾਪਤੀ: ਸੰਤ ਸੀਚੇਵਾਲ ਵੱਲੋਂ ਕਾਰ ਸੇਵਾ ਰਾਹੀਂ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਕੀਤੇ ਗਏ ਕਾਰਜ ਨੇ ਬਾਬਾ ਨਾਨਕ ਦੀ ਚਰਨ ਛੋਹ ਵੇਈਂ ਨਾਲ ਸਬੰਧਤ ਖੇਤਰਾਂ ਵਿੱਚ ਸਹਾਇਤਾ ਕੀਤੀ ਹੈ। ਵੇਈਂ ਨਾਲ ਸਬੰਧਤ ਖੇਤਰਾਂ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਡਾਰਕ ਜ਼ੋਨ ਐਲਾਨਿਆ ਗਿਆ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਣਥੱਕ ਯਤਨਾਂ ਤੋਂ ਬਾਅਦ ਧਰਤੀ ਹੇਠਲੇ ਪਾਣੀ ਦੇ ਵਧ ਰਹੇ ਪੱਧਰ ਨੂੰ ਹਮੇਸ਼ਾ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਵਜੋਂ ਯਾਦ ਰੱਖਿਆ ਜਾਵੇਗਾ।

Leave a Reply

Your email address will not be published. Required fields are marked *

Translate »
error: Content is protected !!