ਸੇਵਾ, ਸਿਮਰਨ ਤੇ ਸਤਸੰਗ ਦਾ ਸੰਗਮ ਹੈ ਬਾਬੇ ਨਾਨਕ ਦੀ ਵੇਂਈ : ਸੰਤ ਸੀਚੇਵਾਲ
ਕਪੂਰਥਲਾ ਨਿਊਜ਼ : ਮੱਸਿਆ ਦੇ ਪਵਿੱਤਰ ਦਿਹਾੜੇ ’ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮਹਾਂਕੁੰਭ ਦੇ ਸ਼ਾਹੀ ਇਸ਼ਨਾਨ ਮੌਕੇ ਪਵਿੱਤਰ ਵੇਂਈ ਦੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕੀਤਾ ਅਤੇ ਪਵਿੱਤਰ ਜਲ ਦਾ ਚੂਲਾ ਛੱਕਿਆ। ਇਸ ਮੌਕੇ ’ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਵੱਲੋਂ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਦਿਆਂ ਪਵਿੱਤਰ ਵੇਂਈ ਦੇ ਮਹੱਤਵ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਪਵਿੱਤਰ ਕਾਲੀ ਵੇਈਂ ਦੇ ਕੰਢੇ ਗੁਰਦੁਆਰਾ ਗੁਰ ਪ੍ਰਕਾਸ਼ ਸਾਹਿਬ ਤੋਂ ਸ਼ੁਰੂ ਹੋਇਆ ਜੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪੁਲ, ਬੱਸ ਸਟੈਂਡ, ਤਲਵੰਡੀ ਚੌਧਰੀਆਂ ਪੁਲ, ਨਾਨਕ ਹੱਟ, ਊਧਮ ਸਿੰਘ ਚੌਕ, ਦਾਣਾ ਮੰਡੀ ਤੋਂ ਚੌਕ ਤੋਂ ਪਵਿੱਤਰ ਵੇਈਂ ਦੇ ਕੰਢੇ ਕੰਢੇ ਹੁੰਦੇ ਹੋਏ ਵਾਪਸ ਗੁਰਦੁਆਰਾ ਗੁਰ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਸ ਪਵਿੱਤਰ ਪੂਰਵ ਦੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਇਸ ਮਹੱਤਵਪੂਰਨ ਸਮਾਗਮ ’ਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਸੰਤ ਸੀਚੇਵਾਲ ਵੱਲੋਂ ਸੰਗਤਾਂ ਸਮੇਤ ਪਵਿੱਤਰ ਵੇਂਈ ਦੇ ਅੰਮ੍ਰਿਤ ਜਲ ਵਿੱਚ ਮਹਾਂਕੁੰਭ ਦਾ ਇਸ਼ਨਾਨ ਕੀਤਾ ਗਿਆ। ਸੰਤ ਸੀਚੇਵਾਲ ਨੇ ਸੰਗਤਾਂ ਨਾਲ ਪਵਿੱਤਰ ਵੇਂਈ ਵਿੱਚ ਮੂਲ ਮੰਤਰ ਕੀਤਾ ਅਤੇ ਅਰਦਾਸ ਕੀਤੀ ਪੰਜਾਬ ਦੇ ਸਾਰੇ ਕੁਦਰਤੀ ਸਰੋਤ ਸਾਫ ਵੱਗਣ। ਨਗਰ ਕੀਰਤਨ ਦੌਰਾਨ ਗੱਤਕੇ ਦੇ ਖਿਡਾਰੀਆਂ ਵੱਲੋਂ ਗੱਤਕੇ ਦੇ ਜ਼ੋਹਰ ਦਿਖਾਏ ਗਏ। ਸੰਤ ਸੀਚੇਵਾਲ ਵੱਲੋਂ ਨਗਰ ਕੀਰਤਨ ਦੌਰਾਨ ਬੂਟਿਆਂ ਦੇ ਪ੍ਰਸ਼ਾਦ ਵੰਡਣ ਦੀ ਪਿਰਤ ਨੂੰ ਜਾਰੀ ਰੱਖਦਿਆਂ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।