ਕਪੂਰਥਲਾ (ਬਰਿੰਦਰ ਚਾਨਾ) : ਦਿੱਲੀ ਵਿਚ ਭਾਜਪਾ ਨੇਤਾ ਪਰਵੇਸ਼ ਵਰਮਾ ਦੇ ਵਲੋਂ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਆਮ ਆਦਮੀ ਪਾਰਟੀ ਲੀਗਲ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਤਿੱਖੀ ਆਲੋਚਨਾ ਕੀਤੀ ਹੈ।ਪ੍ਰਵੇਸ਼ ਵਰਮਾ ਨੇ ਪੰਜਾਬ ਦੀਆਂ ਗੱਡੀਆਂ ਦਿੱਲੀ ਆਉਣ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿਚ ਕੀ ਕਰ ਰਹੀਆਂ ਹਨ।ਉਨ੍ਹਾਂ ਨੇ ਪੰਜਾਬ ਦੀਆਂ ਗੱਡੀਆਂ ਨੂੰ ਸ਼ੱਕੀ ਦੱਸਦਿਆਂ ਕਿਹਾ ਕਿ 26 ਜਨਵਰੀ ਦੇ ਨੇੜੇ ਪੰਜਾਬ ਤੋਂ ਆਉਣ ਵਾਲੀਆਂ ਗੱਡੀਆਂ ਦਿੱਲੀ ਚ ਕੀ ਕਰ ਰਹੀਆਂ ਹਨ।ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।ਉਸ ਨੇ ਕਿਹਾ ਕਿ ਕੀ ਗਣਤੰਤਰ ਦਿਵਸ ਤੇ ਕੁਝ ਵੱਡਾ ਕਰਨ ਦੀ ਕੋਈ ਯੋਜਨਾ ਹੈ।ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਭਾਜਪਾ ਨੇਤਾ ਪਰਵੇਸ਼ ਵਰਮਾ ਵੱਲੋਂ ਦਿੱਤੇ ਗਏ ਭੜਕਾਊ ਅਤੇ ਪੰਜਾਬ ਵਿਰੋਧੀ ਬਿਆਨਾਂ ਨੂੰ ਭਾਜਪਾ ਦੀ ਫੁੱਟਪਾਊ,ਖ਼ਤਰਨਾਕ,ਪੰਜਾਬੀ ਭਾਈਚਾਰੇ,ਭਾਰਤ ਦੀ ਏਕਤਾ ਅਤੇ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਿੱਧਾ ਅਪਮਾਨ ਦੱਸਿਆ ਹੈ।ਉਨ੍ਹਾਂਨੇ ਨੇ ਵਰਮਾ ਦੀ ਆਲੋਚਨਾ ਕੀਤੀ ਕਿ ਉਹ ਇਹ ਕਹਿ ਰਹੇ ਹਨ ਕਿ ਦਿੱਲੀ ਵਿੱਚ ਪੰਜਾਬ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਗਣਤੰਤਰ ਦਿਵਸ ਤੋਂ ਪਹਿਲਾਂ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਭਾਜਪਾ ਨੇਤਾ ਪਰਵੇਸ਼ ਵਰਮਾ ਨੇ ਖੁੱਲ੍ਹ ਕੇ ਆਪਣੀ ਪਾਰਟੀ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ।ਪੰਜਾਬੀਆਂ ਵਿਰੁੱਧ ਉਨ੍ਹਾਂ ਦੇ ਬੇਬੁਨਿਆਦ ਦੋਸ਼ ਭਾਜਪਾ ਦੇ ਪੰਜਾਬ ਦੇ ਲੋਕਾਂ ਵਿਰੁੱਧ ਡੂੰਘੇ ਪੱਖਪਾਤ ਨੂੰ ਦਰਸਾਉਂਦੇ ਹਨ।ਉਨ੍ਹਾਂਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ।ਉਨ੍ਹਾਂਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਪੰਜਾਬ ਨੇ ਦੇਸ਼ ਦੇ ਅਨਾਜ ਉਤਪਾਦਨ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਭਾਰਤੀ ਫੌਜ ਵਿੱਚ ਸਭ ਤੋਂ ਵੱਧ ਨੁਮਾਇੰਦਗੀ ਦਿੱਤੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਹਮੇਸ਼ਾ ਸੂਬੇ ਨੂੰ ਅਣਗੌਲਿਆ ਕੀਤਾ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਖ਼ਬਤ ਦੀ ਸ਼ਿਕਾਰ ਹੈ,ਜਿਸ ਕਾਰਨ ਉਹ ਸੂਬੇ ਨੂੰ ਬਰਬਾਦ ਕਰਨ ਉਤੇ ਤੁਲੀ ਹੋਈ ਹੈ।ਉਨ੍ਹਾਂ ਕਿਹਾ ਕਿ ਜੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਮਰਜ਼ੀ ਚੱਲੇ ਤਾਂ ਉਹ ਕੌਮੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਮ ਕੱਟ ਦੇਵੇਗੀ।ਉਨ੍ਹਾਂਨੇ ਕਿਹਾ ਕਿ ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਸੂਬੇ ਅਤੇ ਇਸ ਦੇ ਕਿਸਾਨਾਂ ਪ੍ਰਤੀ ਵੀ ਵਿਰੋਧੀ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਵਿਰੋਧੀ ਰਵੱਈਏ ਕਾਰਨ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਅਤੇ ਕੇਂਦਰ ਸਰਕਾਰ ਹੁਣ ਅਨਾਜਾਂ ਉਤੇ ਐਮਐਸਪੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਐਡਵੋਕੇਟ ਚੰਦੀ ਨੇ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਪੰਜਾਬੀਆਂ ਨੇ ਦਿੱਲੀ ਦੇ ਵਿਕਾਸ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਦਿੱਲੀ ਦੀ ਤਰੱਕੀ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਯੋਗਦਾਨਾਂ ਦੀ ਦੇਣ ਹੈ।ਭਾਰਤ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਦਿੱਲੀ ਦੇ ਨੁਹਾਰ ਨੂੰ ਮੁੜ ਆਕਾਰ ਦੇਣ ਤੱਕ,ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਨ।ਉਨ੍ਹਾਂ ਨੂੰ ਅੱਤਵਾਦੀ ਕਹਿਣਾ ਨਾ ਸਿਰਫ਼ ਪੰਜਾਬ ਦਾ ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ।ਐਡਵੋਕੇਟ ਚੰਦੀ ਨੇ ਦਿੱਲੀ ਦੇ ਵੋਟਰਾਂ ਨੂੰ ਭਾਜਪਾ ਦੀ ਵੰਡ ਪਾਊ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ 5 ਫਰਵਰੀ ਨੂੰ ਇਨ੍ਹਾਂ ਨਫ਼ਰਤ ਭਰੇ,ਵੰਡ ਪਾਊ ਆਗੂਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।ਇਨ੍ਹਾਂ ਨੇ ਆਪਣੀਆਂ ਟਿੱਪਣੀਆਂ ਨਾਲ ਪੰਜਾਬੀਆਂ ਅਤੇ ਦੇਸ਼ ਦਾ ਨਿਰਾਦਰ ਕੀਤਾ ਹੈ।ਇਹ ਸਿਰਫ਼ ਪੰਜਾਬ ਦਾ ਮੁੱਦਾ ਨਹੀਂ ਹੈ।ਇਹ ਹਰ ਭਾਰਤੀ ਨਾਲ ਸਬੰਧਤ ਹੈ ਜੋ ਏਕਤਾ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਦਾ ਹੈ।ਉਨ੍ਹਾਂਨੇ ਕਿਹਾ ਕਿ ਭਾਜਪਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਜਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਪੰਜਾਬੀ ਹਮੇਸ਼ਾ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਰਹੇ ਹਨ,ਅਤੇ ਅਜਿਹੇ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਦਿੱਲੀ ਭਾਜਪਾ ਨੇਤਾ ਪਰਵੇਸ਼ ਵਰਮਾ ਨੇ ਆਪਣੀਆਂ ਟਿੱਪਣੀਆਂ ਨਾਲ ਪੰਜਾਬੀਆਂ ਅਤੇ ਦੇਸ਼ ਦਾ ਨਿਰਾਦਰ ਕੀਤਾ ਹੈ : ਐਡਵੋਕੇਟ ਚੰਦੀ
