ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੌੜਨ ਦੀ ਕੋਸ਼ਿਸ਼ ਦਾ ਭੀਮ ਰਾਓ ਯੂਵਾ ਫੋਰਸ (ਮਿਸ਼ਨ ਅੰਬੇਡਕਰ) ਨੇ ਕੀਤੀ ਨਿਖੇਧੀ
ਕਪੂਰਥਲਾ ਨਿਊਜ਼ : 26 ਜਨਵਰੀ ਨੂੰ ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੌੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭੀਮ ਰਾਓ ਯੂਵਾ ਫੋਰਸ (ਮਿਸ਼ਨ ਅੰਬੇਡਕਰ) ਇਸਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਾ ਹੈ। ਭੀਮ ਰਾਓ ਯੂਵਾ ਫੋਰਸ (ਮਿਸ਼ਨ ਅੰਬੇਡਕਰ) ਦੇ ਪ੍ਰਮੁੱਖ ਅਮਨਦੀਪ ਸਹੋਤਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਨੌਜਵਾਨ ਬੁੱਤ ਨੂੰ ਹਾਰ ਪਾਉਣ ਲਈ ਲਗਾਈ ਪੌੜੀ ’ਤੇ ਚੜ੍ਹ ਗਿਆ, ਉਸ ਨੇ ਮੂਰਤੀ ’ਤੇ ਹਥੌੜੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੁੱਤ ਟੁੱਟ ਗਿਆ। ਉਸ ਨੇ 24 ਸਕਿੰਟਾਂ ਵਿੱਚ 8 ਵਾਰ ਹਮਲਾ ਕੀਤਾ ਅਤੇ ਉਸ ਨੇ ਬੁੱਤ ਦੇ ਨੇੜੇ ਰੱਖੀ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਘਟਨਾ ਥਾਣੇ ਤੋਂ ਕਰੀਬ 150 ਮੀਟਰ ਦੀ ਦੂਰੀ ’ਤੇ ਹੈਰੀਟੇਜ ਸਟਰੀਟ ’ਤੇ ਵਾਪਰੀ। ਅਮਨਦੀਪ ਸਹੋਤਾ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਪ੍ਰਕਾਸ਼ ਵਾਸੀ ਧਰਮਕੋਟ ਮੋਗਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਕਾਰਨ ਸਮੁੱਚੇ ਦਲਿਤ ਭਾਈਚਾਰੇ ਵਿੱਚ ਰੋਸ ਹੈ। ਅਮਨਦੀਪ ਸਹੋਤਾ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਦੋਸ਼ੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਗਰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਵਿੱਚ ਕਿਸੇ ਤਰਾਂ ਦੀ ਵੀ ਆਨਾਕਾਨੀ ਕੀਤੀ ਤਾਂ ਇਸ ਦੇ ਜੋ ਵੀ ਗੰਭੀਰ ਸਿੱਟੇ ਨਿਕਲਣਗੇ, ਉਸਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।