ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਦਾ ਜਾਇਜ਼ਾ
ਕਪੂਰਥਲਾ ਨਿਊਜ਼ ਨੈੱਟਵਰਕ : ਬੀਤੇ ਕੱਲ੍ਹ ਸ਼ਾਂਤੀਪੂਰਕ ਢੰਗ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਪੂਰੀ ਹੋਣ ਪਿੱਛੋਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ । ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਵਿਰਸਾ ਵਿਹਾਰ ਕਪੂਰਥਲਾ ਵਿਖੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ । ਉਨ੍ਹਾਂ ਦੱਸਿਆ ਕਿ ਗਿਣਤੀ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕਪੂਰਥਲਾ ਤੇ ਫੱਤੂਢੀਂਗਾ ਬਲਾਕਾਂ ਦੀਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕਪੂਰਥਲਾ ਦੇ ਵਿਰਸਾ ਵਿਹਾਰ ਵਿਖੇ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।ਸੁਲਤਾਨਪੁਰ ਲੋਧੀ ਬਲਾਕ ਦੀਆਂ ਵੋਟਾਂ ਦੀ ਗਿਣਤੀ ਲਈ ਬੀ.ਡੀ.ਪੀ.ਓ ਦਫਤਰ ਸੁਲਤਾਨਪੁਰ ਲੋਧੀ ਵਿਖੇ ਵੋਟਿੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫਗਵਾੜਾ ਦੀਆਂ ਵੋਟਾਂ ਦੀ ਗਿਣਤੀ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਤੇ ਨਡਾਲਾ ਦੀਆਂ ਵੋਟਾਂ ਦੀ ਗਿਣਤੀ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਹੋਵੇਗੀ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸਮੂਹ ਰਿਟਰਨਿੰਗ ਅਫਸਰਾਂ ਨੂੰ ਵੋਟਾਂ ਦੀ ਨਿਰਪੱਖ ਤੇ ਪਾਰਦਰਸ਼ਤਾ ਨਾਲ ਗਿਣਤੀ ਦੇ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ ਤੇ ਨਾਲ ਹੀ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਵੀ ਹੁਕਮ ਕੀਤੇ ਗਏ ਹਨ।

