ਚਾਇਨਾ ਡੋਰ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25000 ਰੁਪੈ ਦਾ ਇਨਾਮ

ਡਿਪਟੀ ਕਮਿਸ਼ਨਰ ਵਲੋਂ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦਾ ਸੱਦਾ

ਕਪੂਰਥਲਾ, 14 ਜਨਵਰੀ (ਬਰਿੰਦਰ ਚਾਨਾ) : ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ ਇਸਦੀ ਵਰਤੋਂ  ਨੂੰ ਰੋਕਣ ਦੇ ਮਕਸਦ ਨਾਲ ਇਸ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇਣ ਦੀ ਯੋਜਨਾ ਲਾਗੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਸਿੰਥੈਟਿਕ, ਨਾਇਲਨ, ਮਾਂਜਾ ਲੱਗੀ ਡੋਰ ਆਦਿ ਨੂੰ ਬਣਾਉਣ, ਵੇਚਣ, ਖਰੀਦਣ, ਭੰਡਾਰਨ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਾਤਾਵਰਣ ਸੰਭਾਲ ਅਧਿਨਿਯਮ 1986 ਜਾਂ ਇਸਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 10 ਹਜ਼ਾਰ ਰੁਪੈ ਤੋਂ 15 ਲੱਖ ਰੁਪੈ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਸ਼੍ਰੀ ਪੰਚਾਲ ਨੇ ਇਹ ਵੀ ਦੱਸਿਆ ਕਿ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਕਾਰਨ ਇਸਨੂੰ ਰੋਕਣ ਲਈ ਟੋਲ ਫ੍ਰੀ ਨੰਬਰ 1800-180-2810 ਉੱਪਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਨੂੰ 25000 ਰੁਪੈ ਤੱਕ ਦਾ ਇਨਾਮ ਦਿੱਤਾ ਜਾਵੇਗਾ ਤੇ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ।

Leave a Reply

Your email address will not be published. Required fields are marked *

Translate »
error: Content is protected !!