ਲਿੰਗ ਅਨੁਪਾਤ ‘ਚ ਜ਼ਿਲ੍ਹਾ ਕਪੂਰਥਲਾ ਫਿਰ ਤੋਂ ਮੋਹਰੀ
ਕਪੂਰਥਲਾ ਨਿਊਜ਼ ਨੈੱਟਵਰਕ : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੀ.ਸੀ.ਪੀ.ਐਨ.ਡੀ.ਟੀ ਤਹਿਤ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਵਿਭਾਗ ਕਪੂਰਥਲਾ ਨੂੰ ਵਧੀਆ ਲਿੰਗ ਅਨੁਪਾਤ ਲਈ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿਲਾ ਕਪੂਰਥਲਾ ਪਿਛਲੇ ਤਿੰਨ ਸਾਲਾਂ ਤੋਂ ਲਿੰਗ ਅਨੁਪਾਤ ਦਰ ਤਹਿਤ ਮੋਹਰੀ ਰਿਹਾ ਹੈ। ਇਸ ਵਾਰ ਵੀ ਏਥੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ । ਸਿਹਤ ਵਿਭਾਗ ਵੱਲੋਂ ਇਹ ਇਨਾਮ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ,ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਡਾਕਟਰ ਹਤਿੰਦਰ ਕੌਰ, ਐਮ.ਡੀ ਐਨ.ਐਚ.ਐਮ ਘਨਸਾਮ ਥੋਰੀ ਜੀ ਵਲੋਂ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ,ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਵਜੀਤ ਸਿੰਘ ਤੇ ਪੀਐਨਡੀਟੀ ਕੁਆਰਡੀਨੇਟਰ ਕਮ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਦਸਿਆ ਕਿ ਜਿਲੇ ਵਿਚ ਪੀ ਸੀ ਪੀ ਐਨ ਡੀ ਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਇਹੀ ਨਹੀਂ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਬੇਟੀ ਬਚਾਓ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਡਾਕਟਰ ਸੰਜੀਵ ਭਗਤ ਨੇ ਕਿਹਾ ਕਿ ਧੀਆਂ ਪਰਿਵਾਰ ਅਤੇ ਸਮਾਜ ਦੀ ਸ਼ਾਨ ਹਨ, ਸਾਨੂੰ ਸਾਰਿਆਂ ਨੂੰ ਇਨ੍ਹਾਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਪ੍ਰਾਪਤੀ ਦਾ ਕ੍ਰੈਡਿਟ ਸਾਰੇ ਸਟਾਫ ਨੂੰ ਦਿੰਦਿਆਂ ਕਿਹਾ ਕਿ ਉਹ ਅੱਗੇ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ। ਉਨ੍ਹਾ ਕਿਹਾ ਕਿ ਭਵਿੱਖ ਵਿਚ ਵੀ ਜ਼ਿਲੇ ਵਿਚ ਅਚਨਚੇਤ ਚੈਕਿੰਗਾਂ ਕੀਤੀਆਂ ਜਾਣ ਅਤੇ ਪੀ.ਸੀ ਪੀ.ਐਨ.ਡੀ.ਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

