ਬੱਚੇ ਦਾ ਟੈਸਟ ਕਰਵਾਉਂਣ ਦਾ ਝਾਂਸਾ ਦੇ ਕੇ ਦਾਦੀ ਤੋਂ ਬੱਚਾ ਲੈ ਕੇ ਸ਼ੱਕੀ ਔਰਤ ਫਰਾਰ, ਮਹਿਲਾ ਸੀਸੀਟੀਵੀ ਵਿੱਚ ਕੈਦ
ਕਪੂਰਥਲਾ ਨਿਊਜ਼ : ਕਪੂਰਥਲਾ ਦੇ ਸਿਵਲ ਹਸਪਤਾਲ ਦੇ ਅੰਦਰੋਂ ਅੱਜ ਦੁਪਹਿਰ ਬਾਅਦ ਇਕ ਨਵਜੰਮੇ ਬੱਚੇ ਦੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਣ ਦੀ ਖ਼ਬਰ ਹੈ। ਇਸ ਘਟਨਾਂ ਦੇ ਬਾਅਦ ਸਿਵਲ ਹਸਪਤਾਲ ਵਿਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਬੱਚੇ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੱਕੀ ਔਰਤ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ। ਬੱਚੇ ਦੀ ਦਾਦੀ ਦਾ ਅਰੋਪ ਹੈ ਕਿ ਇਕ ਸ਼ੱਕੀ ਮਾਸਕ ਪਾਈ ਹੋਈ ਮਹਿਲਾ ਜੋ ਕਿ ਨਰਸ ਬਣ ਕੇ ਉਨ੍ਹਾਂ ਨੂੰ ਮਿਲੀ ਸੀ ਅਤੇ ਬੱਚੇ ਦੇ ਟੈਸਟ ਕਰਵਾਉਂਣ ਦਾ ਝਾਂਸਾ ਦੇ ਕੇ ਉਸ ਤੋਂ ਬੱਚਾ ਲੈ ਕੇ ਫਰਾਰ ਹੋ ਗਈ ਹੈ। ਉੱਥੇ ਹੀ ਦੂਸਰੇ ਪਾਸੇ ਘਟਨਾ ਦੇ ਬਾਅਦ ਸਿਵਲ ਹਸਪਤਾਲ ਪ੍ਰਸਾਸ਼ਨ ਨੇ ਪੁਲਿਸ ਨੂੰ ਸੂਚਿਤ ਕਰਨ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰਜਕਾਰੀ ਐਸ.ਐਮ.ਓ. ਡਾ. ਅੰਜੂ ਬਾਲਾ ਨੇ ਦੱਸਿਆ ਕਿ ਘਟਨਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਹਸਪਤਾਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਕੱਲ੍ਹ ਇਕ ਗਰਭਵਤੀ ਮਹਿਲਾ ਫੂਲੋਦੇਵੀ ਪਤਨੀ ਗੁਰਵਿੰਦ ਸਾਹਨੀ ਵਾਲ ਵਾਸੀ ਪਿੰਡ ਖੀਰਾਂਵਾਲੀ ਮੂਲ ਵਾਸੀ ਬਿਹਾਰ ਦੇ ਵੱਡੇ ਆਪ੍ਰੇਸ਼ਨ (ਸਿਜੇਰੀਅਨ ਆਪ੍ਰੇਸ਼ਨ) ਦੇ ਬਾਅਦ ਇਕ ਲੜਕੇ ਨੇ ਜਨਮ ਲਿਆ ਸੀ। ਨਵਜੰਮੇ ਬੱਚੇ ਦੀ ਦਾਦੀ ਕਿਰਨ ਦੇਵੀ ਨੇ ਦੱਸਿਆ ਕਿ ਅੱਜ ਦੁਪਹਿਰ ਲੱਗਭਗ 1 ਵਜੇ ਇਕ ਸ਼ੱਕੀ ਮਾਸਕ ਪਾਏ ਮਹਿਲਾ ਜੋ ਕਿ ਨਰਸ ਬਣ ਕੇ ਉਸਨੂੰ ਮਿਲੀ ਅਤੇ ਕਿਹਾ ਕਿ ਬੱਚੇ ਦੇ ਕੁਝ ਜ਼ਰੂਰੀ ਟੈਸਟ ਕਰਵਾਉਂਣੇ ਹਨ, ਇਸ ਲਈ ਉਹ ਉਸਦੇ ਨਾਲ ਹੇਠਾਂ ਲੈਬੋਰਟਰੀ ਵਿਚ ਬੱਚੇ ਨੂੰ ਲੈ ਕੇ ਚੱਲੇ। ਕਿਰਨ ਦੇਵੀ ਨੇ ਦੱਸਿਆ ਕਿ ਉਹ ਉਕਤ ਮਹਿਲਾ ਦੇ ਨਾਲ ਬੱਚੇ ਨੂੰ ਲੈ ਕੇ ਹੇਠਾਂ ਚਲੀ ਗਈ ਅਤੇ ਹੇਠਾਂ ਲੈਬੋਰਟਰੀ ਵਾਲੇ ਪਾਸੇ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਉਹ ਐਸ.ਐਮ.ਓ. ਦਫ਼ਤਰ ਦੇ ਨਜ਼ਦੀਕ ਪਹੁੰਚੀ ਤਾਂ ਔਰਤ ਨੇ ਕਿਹਾ ਕਿ ਤੁਹਾਡਾ ਆਧਾਰ ਕਾਰਡ ਚਾਹੀਦਾ ਹੈ ਤਾਂ ਉਸਨੇ ਮਹਿਲਾ ਨੂੰ ਕਿਹਾ ਕਿ ਆਧਾਰ ਕਾਰਡ ਤਾਂ ਉੱਪਰ ਵਾਰਡ ਵਿਚ ਹੈ। ਮਹਿਲਾ ਦੇ ਕਹਿਣ ਤੇ ਦਾਦੀ ਬੱਚਾ ਔਰਤ ਨੂੰ ਫੜ੍ਹਾ ਕੇ ਆਧਾਰ ਕਾਰਡ ਲੈਣ ਚਲੀ ਗਈ, ਪ੍ਰੰਤੂ ਜਦੋਂ ਉਹ ਹੇਠਾਂ ਆਈ ਤਾਂ ਸ਼ੱਕੀ ਔਰਤ ਅਤੇ ਬੱਚਾ ਦੋਵੇਂ ਗਾਇਸ ਸਨ। ਘਟਨਾ ਦੇ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਸਿਵਲ ਹਸਪਤਾਲ ਪ੍ਰਸਾਸ਼ਨ ਜਾਂਚ ਵਿਚ ਲੱਗ ਗਿਆ ਹੈ ਅਤੇ ਸਿਵਲ ਹਸਪਤਾਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਉੱਥੇ ਹੀ ਥਾਣਾ ਸਿਟੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਮਾਮਲੇ ਦੀ ਕੀਤੀ ਜਾ ਰਹੀ ਜਾਂਚ: ਡੀ.ਐਸ.ਪੀਜਦੋਂ ਬੱਚੇ ਦੇ ਗੁੰਮ ਹੋਣ ਬਾਰੇ ਡੀ.ਐਸ.ਪੀ. ਸਬ ਡਵੀਜ਼ਨ ਦੀਪ ਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।