ਕਪੂਰਥਲਾ ਨਿਊਜ਼ : ਵਿਰਾਸਤੀ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਸ਼ਹਿਰ ਵਿੱਚ ਕਈ ਲੋਕਾਂ ਵਲੋਂ ਆਪਣੇ ਰਸੂਖ ਦੀ ਤਾਕਤ ਤੇ ਕੀਤੇ ਗਏ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਪ੍ਰਸ਼ਾਸ਼ਨ ਦੇ ਵਲੋਂ ਜਲਦ ਹੀ ਹਟਾਇਆ ਜਾਵੇਗਾ। ਇਸ ਲਈ ਨਗਰ ਨਿਗਮ ਦੇ ਕਮਸ਼ਿਨਰ ਆਈ.ਏ.ਐਸ ਮੈਡਮ ਅਨੁਪਮ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਾਫੀ ਦਿਨਾਂ ਤੋਂ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਬਾਰੇ ਨਗਰ ਨਿਗਮ ਸਕੱਤਰ ਸੁਸ਼ਾਂਤ ਭਾਟੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਵੇਖਣ ਦੇ ਤਹਿਤ ਨਾਜਾਇਜ਼ ਕਬਜ਼ਿਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਤੋਂ ਬਾਅਦ ਨਗਰ ਨਿਗਮ ਪ੍ਰਸਾਸ਼ਨ ਵਲੋਂ ਲਗਾਤਾਰ ਨਾਜਾਇਜ਼ ਕਬਜ਼ੇ ਤੇ ਟੈਕਸ ਚੋਰੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸ਼ਹਿਰ ਦੇ ਐਸ.ਟੀ.ਪੀ ਦੇ ਨਜ਼ਦੀਕ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਬੁੱਧਵਾਰ ਨੂੰ ਵੱਡੀ ਕਾਰਵਾਈ ਕਰਨ ਦੀ ਤਿਆਰੀ ਪ੍ਰਸ਼ਾਸ਼ਨ ਦੇ ਵਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ ਐਸ.ਟੀ.ਪੀ ਦੇ ਨਜਦੀਕ ਲੋਕਾਂ ਵੱਲੋਂ ਨਜਾਇਜ਼ ਕਬਜੇ ਕੀਤੇ ਗਏ ਹਨ ਅਤੇ ਇਨ੍ਹਾਂ ਨਜਾਇਜ਼ ਕਾਬਜਕਾਰਾਂ ਵੱਲੋਂ ਮੌਕੇ ਤੇ ਨਗਰ ਨਿਗਮ ਵੱਲੋਂ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਬਣਦੀ ਲੋੜੀਂਦੀ ਕਾਰਵਾਈ ਲਈ ਨਗਰ ਨਿਗਮ ਕਮਿਸ਼ਨਰ ਆਈ.ਏ.ਐਸ ਮੈਡਮ ਅਨੁਪਮ ਕਲੇਰ ਵਲੋਂ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਨਗਰ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ, ਮਿਊਂਸਪਲ ਟਾਊਨ ਪਲੈਨਰ, ਬਲਵਿੰਦਰ ਸਿੰਘ, ਸਹਾਇਕ ਟਾਊਨ ਪਲੈਨਰ ਵਿਕਾਸ ਦੂਆ, ਹੈੱਡ ਡਰਾਫਟਸਮੈਨ ਜੋਬਨਪ੍ਰੀਤ ਧੰਜੂ, ਜੇਈ(ਓ.ਐਂਡ.ਐੱਮ)ਪ੍ਰਿਤਪਾਲ ਸਿੰਘ, ਇੰਸਪੈਕਟਰ ਭਜਨ ਸਿੰਘ, ਬਿਲਡਿੰਗ ਇੰਸਪੈਕਟਰ ਜਗਦੀਸ਼ ਕੁਮਾਰ ਤੇ ਮਨਧੀਰ ਸਿੰਘ, ਨਿਗਰਾਨ ਇੰਜੀਨੀਅਰ ਇਸ ਟੀਮ ਦੇ ਬਤੌਰ ਨੋਡਲ ਅਫਸਰ ਹੋਣਗੇ। ਉਕਤ ਅਨੁਸਾਰ ਗਠਿਤ ਕੀਤੀ ਗਈ ਟੀਮ ਵੱਲੋਂ ਬਣਦੀ ਲੋੜੀਂਦੀ ਕਾਰਵਾਈ ਕਰਨ ਉਪਰੰਤ ਰਿਪੋਰਟ ਮਿਤੀ 19.12.2024 ਤੱਕ ਨਿਮਨਸਹੀਕਾਰ ਨੂੰ ਪੇਸ਼ ਕੀਤੀ ਜਾਣੀ ਯਕੀਨੀ ਬਣਾਏ ਜਾਣ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸ਼ਹਿਰ ਦੇ ਐਸ.ਟੀ.ਪੀ ਦੇ ਨਜ਼ਦੀਕ ਲੋਕਾਂ ਵਲੋਂ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਤੇ ਵੱਡੀ ਗਿਣਤੀ ਵਿੱਚ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਜਿਨ੍ਹਾਂ ਦੇ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੁੱਧਵਾਰ ਵੱਡੀ ਕਾਰਵਾਈ ਕੀਤੀ ਜਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਨਾਜਾਇਜ਼ ਕਬਜ਼ਾ ਹਟਾਉਣ ਲਈ ਪ੍ਰਸ਼ਾਸਨ ਵਲੋਂ ਕਿਹਾ ਜਾਵੇਗਾ ਪਰ ਜੇਕਰ ਇਸ ਅਪੀਲ ਦਾ ਕੋਈ ਅਸਰ ਨਾ ਹੋਇਆ ਤਾਂ ਨਾਜਾਇਜ਼ ਕਬਜੇ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ ਨਾਲ ਲੀਗਲ ਕਾਰਵਾਈ ਕਰਦੇ ਹੋਏ ਐਫ.ਆਰ.ਆਈ ਵੀ ਦਰਜ ਕੀਤੀ ਜਾ ਸਕਦੀ ਹੈ। ਸ਼ੁਤਰਾ ਤੋਂ ਮਿਲੀ ਜਾਣਕਾਰੀ ਦੇ ਤਹਿਤ ਇਹ ਵੀ ਪਤਾ ਲੱਗਾ ਹੈ ਕਿ ਕੁਝ ਥਾਵਾਂ ਤੇ ਲੋਕਾਂ ਨੇ ਕਾਫੀ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਖ਼ਿਲਾਫ਼ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਇੱਕ-ਦੂਜੇ ਨੂੰ ਵੇਖ ਕੇ ਲੋਕਾਂ ਨੇ ਹੋਰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਕਈ ਸ਼ਹਿਰ ਦੇ ਪ੍ਰਭਾਵਸ਼ਾਲੀ ਲੋਕ ਹਨ, ਜਿਸ ਕਾਰਨ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣ ਦੇਖਣਾ ਹੋਵੇਗਾ ਕਿ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਇਨ੍ਹਾਂ ਕਬਜ਼ਾਧਾਰਿਆ ਦੇ ਖਿਲਾਫ ਕਿ ਕਾਰਵਾਈ ਕਰਦਾ ਹੈ।
ਐਸ.ਟੀ.ਪੀ ਦੀ ਜ਼ਮੀਨ ਤੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਬੁੱਧਵਾਰ ਨੂੰ ਹੋਵੇਗੀ ਪ੍ਰਸ਼ਾਸ਼ਨ ਵਲੋਂ ਵੱਡੀ ਕਾਰਵਾਈ
