ਕਪੂਰਥਲਾ ਨਿਊਜ਼ : ਜਿੱਥੇ ਪੰਜਾਬ ਸਰਕਾਰ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ ਉੱਥੇ ਬੀਤੀ ਦੇਰ ਰਾਤ ਪਿੰਡ ਭੁਲਾਣਾ ਵਿਚ ਇਕ ਬਜ਼ੁਰਗ ਔਰਤ ਦੀ ਸਿਹਤ ਖ਼ਰਾਬ ਹੋਣ ‘ਤੇ ਮੁੱਢਲਾ ਸਿਹਤ ਕੇਂਦਰ ਭੁਲਾਣਾ ਤੋਂ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੁਲਾਣਾ ਦੇ ਵਸਨੀਕ ਹਨ ਉਨ੍ਹਾਂ ਦੀ ਮਾਤਾ ਭਜਨ ਕੌਰ ਪਤਨੀ ਜੋਗਿੰਦਰ ਸਿੰਘ ਦੀ ਬੀਤੀ ਦੇਰ ਰਾਤ ਅਚਾਨਕ ਸਿਹਤ ਵਿਗੜ ਗਈ | ਜਿਸ ‘ਤੇ ਉਨ੍ਹਾਂ ਮੁੱਢਲਾ ਸਿਹਤ ਕੇਂਦਰ ਵਿਖੇ ਐਂਬੂਲੈਂਸ ਲਈ ਫ਼ੋਨ ਕੀਤਾ ਪਰ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਸਾਡੀ ਐਂਬੂਲੈਂਸ ਖ਼ਰਾਬ ਹੈ | ਜਿਸ ‘ਤੇ ਉਨ੍ਹਾਂ 108 ‘ਤੇ ਫ਼ੋਨ ਕੀਤਾ ਜਿਸ ਉਪਰੰਤ 108 ਐਂਬੂਲੈਂਸ ਆਈ ਜਿਸ ‘ਤੇ ਉਹ ਆਪਣੀ ਮਾਤਾ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਿਚ ਲੈ ਕੇ ਆਏ ਜਿੱਥੇ ਡਿਊਟੀ ਡਾ. ਅਸ਼ੀਸ਼ਪਾਲ ਸਿੰਘ ਵਲੋਂ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਐਂਬੂਲੈਂਸ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਦੇ ਬਜ਼ੁਰਗ ਮਾਤਾ ਦੀ ਮੌਤ ਹੋ ਗਈ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਰਾਬ ਐਂਬੂਲੈਂਸ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਕਿਸੇ ਹੋਰ ਨਾਲ ਇਹ ਭਾਣਾ ਨਾ ਵਰਤ ਸਕੇ।
ਐਂਬੂਲੈਂਸ ਸਮੇਂ ਨਾਲ ਨਾ ਮਿਲਣ ਕਾਰਨ ਹੋਈ ਬਜ਼ੁਰਗ ਔਰਤ ਦੀ ਮੌਤ
