ਕਪੂਰਥਲਾ (ਬਰਿੰਦਰ ਚਾਨਾ) : ਖੂਨ ਦਾਨ ਕਰਨ ਦੇ ਨਾਲ ਕਈ ਅਨਮੋਲ ਜਿੰਦੜੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਤਰਾ ਕਤਰਾ ਇਕੱਠਾ ਕਰ ਕੇ ਕੀਤਾ ਗਿਆ ਖੂਨ ਜ਼ਰੂਰਤਮੰਦ ਮਰੀਜ਼ਾਂ ਲਈ ਵਰਦਾਨ ਸਿੱਧ ਹੁੰਦਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੁੱਜੇ ਡਾ.ਸੰਦੀਪ ਭੋਲਾ ਨੇ ਊਧਮ ਐਨਜੀਓ ਲੰਡਨ ਟੀਮ ਕਪੂਰਥਲਾ ਦੇ ਵਲੋਂ ਲਗਾਏ ਗਏ ਪਹਿਲੇ ਵਿਸ਼ਾਲ ਖੂਨਦਾਨ ਕੈਂਪ ਦਾ ਰੀਬਨ ਕੱਟ ਕੇ ਉਦਘਾਟਨ ਕਰਨ ਉਪਰੰਤ ਕੀਤਾ।ਇਸ ਖੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਦੇ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।ਇਸ ਕੈਂਪ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨ ਦਾਨ ਕੀਤਾ।ਬਲਜੀਤ ਭੰਬਰਾ,ਮਨਜੀਤ ਭੰਬਰਾ,ਰਾਹੁਲ ਸੇਠੀ,ਸੌਰਭ ਸ਼ਰਮਾ ਤੇ ਰਮਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨ ਦੇ ਮਕਸਦ ਤਹਿਤ ਅੱਜ ਉਕਤ ਕੈਂਪ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨਾ ਇਕ ਪੁੰਨ ਦਾ ਕਾਰਜ ਹੈ ਜੋ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।ਇਸ ਮੌਕੇ ਤੇ ਡਾ.ਸੰਦੀਪ ਭੋਲਾ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਨਹੀਂ ਪੈਂਦਾ ਹੈ,ਇਸ ਲਈ ਹਰੇਕ ਵਿਅਕਤੀ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਉਨ੍ਹਾਂ ਨੇ ਇਸ ਕੋਸ਼ਿਸ਼ ਲਈ ਊਧਮ ਐਨਜੀਓ ਲੰਡਨ ਟੀਮ ਕਪੂਰਥਲਾ ਦੀ ਸ਼ਲਾਘਾ ਵੀ ਕੀਤੀ।ਡਾ.ਸੰਦੀਪ ਭੋਲਾ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਐਮਰਜੈਂਸੀ ਦੇ ਸਮੇਂ ਚ ਸੁਰੱਖਿਅਤ ਖੂਨ ਦੀ ਲੋੜ ਲਈ ਜਾਗਰੂਕਤਾ ਪੈਦਾ ਕਰਨਾ ਸੀ।ਐਨਜੀਓ ਦੇ ਆਗੂਆਂ ਨੇ ਕਿਹਾ ਕਿ ਦਾਨੀਆਂ ਦਾ ਖ਼ੂਨ ਜੋ ਕਿ ਵੱਖ-ਵੱਖ ਬਿਮਾਰੀ ਤੋਂ ਪੀੜਤ ਅਤੇ ਘਟਨਾਵਾਂ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦੀ ਸਹੂਲਤ ਲਈ ਇਕੱਠਾ ਕੀਤਾ ਗਿਆ ਹੈ।
ਊਧਮ ਐਨ.ਜੀ.ਓ ਲੰਡਨ ਟੀਮ ਕਪੂਰਥਲਾ ਦੇ ਵਲੋਂ ਲਗਾਇਆ ਗਿਆ ਪਹਿਲਾ ਵਿਸ਼ਾਲ ਖੂਨਦਾਨ ਕੈਂਪ
