ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਵੱਲੋਂ ਫੁੱਟਪਾਥ ’ਤੇ ਪਏ ਜਨਰੇਟਰ ਹਟਾਉਣ ਦੇ ਆਦੇਸ਼ ਜਾਰੀ
ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਕਾਰੋਬਾਰੀ ਕਰਨ ਨਗਰ ਨਿਗਮ ਦਾ ਸਹਿਯੋਗ : ਕਮਿਸ਼ਨਰ ਨਗਰ ਨਿਗਮ
ਕਪੂਰਥਲਾ (ਬਰਿੰਦਰ ਚਾਨਾ) : ਕਮਿਸ਼ਨਰ ਨਗਰ ਨਿਗਮ ਆਈ.ਏ.ਐਸ ਅਨੁਪਮ ਕਲੇਰ ਦੇ ਆਦੇਸ਼ਾਂ ’ਤੇ ਟ੍ਰੈਫਿਕ ਪੁਲਿਸ ਕਪੂਰਥਲਾ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਪੂਰਥਲਾ ਵਿਖੇ ਆਵਾਜਾਈ ਦੀ ਵਧਦੀ ਸਮੱਸਿਆ ਨੂੰ ਨਜਿੱਠਣ ਅਤੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸ਼ਹਿਰ ਵਿਖੇ ਬਾਹਰ/ਫੁੱਟਪਾਥ/ਸੜਕ/ਗਲੀ ’ਤੇ ਪਏ ਜਰਨੇਟਰ ਸੈਟ ਹਟਾਉਣ ਲਈ ਲਿਖਿਆ ਗਿਆ ਸੀ, ਜਿਸ ਨੂੰ ਮੁੱਖ ਰਖਦੇ ਹੋਏ ਨਿਗਮ ਸਕੱਤਰ ਸੁਸ਼ਾਂਤ ਭਾਟੀਆ ਵੱਲੋਂ ਸ਼ਹਿਰ ਵਿੱਚ ਕਾਰੋਬਾਰੀਆ ਨੂੰ ਬਾਹਰ/ਫੁੱਟਪਾਥ/ਸੜਕ/ਗਲੀ ’ਤੇ ਪਏ ਜਰਨੇਟਰ ਸੈਟ ਰੱਖ ਕੇ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਗਨ ਪਾਉਣ ’ਤੇ ਪਹਿਲਾ ਵੀ 6 ਕਾਰੋਬਾਰੀਆ ਨੂੰ 8 ਜਨਵਰੀ ਅਤੇ ਦੁਬਾਰਾ 16 ਜਨਵਰੀ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਵਿੱਚ ਉਹਨਾਂ ਨੂੰ ਲਿਖਿਆ ਗਿਆ ਸੀ ਕਿ ਬਾਹਰ/ਫੁੱਟਪਾਥ/ਸੜਕ/ਗਲੀ ’ਤੇ ਪਏ ਜਰਨੇਟਰ ਸੈਟ ਰੱਖ ਕੇ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ ਜਿਸ ਕਾਰਨ ਆਪ ਵੱਲੋਂ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 246, 246(ਓ) 1,2,3 ਅਧੀਨ ਬਾਹਰ/ਫੁੱਟਪਾਥ/ਸੜਕ/ਗਲੀ ਵਿੱਚ ਕੋਈ ਵੀ ਚੀਜ਼ ਰੱਖਣ ’ਤੇ ਮਨਾਹੀਯੋਗ ਹੈ, ਜਿਸ ਸਬੰਧੀ ਉਹਨਾਂ ਨੂੰ 3 ਦਿਨ ਦੇ ਅੰਦਰ ਅੰਦਰ ਆਪਣੇ ਬਾਹਰ/ਫੁੱਟਪਾਥ/ਸੜਕ/ਗਲੀ ’ਤੇ ਪਏ ਜਰਨੇਟਰ ਸੈਟ ਹਟਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਵੱਲੋ ਦਿੱਤੇ ਗਏ ਸਮੇਂ ਅੰਦਰ ਜਰਨੇਟਰ ਸੈਟ ਨਹੀਂ ਹਟਾਏ ਗਏ। ਇਨ੍ਹਾਂ ਨੋਟਿਸਾਂ ਦੇ ਨਾਲ 16 ਜਨਵਰੀ ਨੂੰ ਸ਼ਾਮ ਸਵੀਟ ਦੇ ਮਾਲਕ ਪਵਨ ਕੁਮਾਰ ਅਰੋੜਾ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਦੇ ਅੰਦਰ 29 ਜਨਵਰੀ ਨੂੰ ਆਪਣਾ ਜਰਨੇਟਰ ਸੈਟ ਹਟਾ ਲਿਆ ਗਿਆ। ਪਰ ਇਸ ਤੋਂ ਇਲਾਵਾ ਬਾਕੀ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਸਨ ਉਨ੍ਹਾਂ ਵੱਲੋਂ ਜਰਨੇਟਰ ਸੈੱਟ ਨਹੀਂ ਹਟਾਏ ਗਏ। ਨਗਰ ਨਿਗਮ ਵੱਲੋਂ ਦਿੱਤੇ ਗਏ ਨੋਟਿਸ ਨੂੰ ਨਜਰ ਅੰਦਾਜ ਕਰਦੇ ਹੋਏ ਜਿਨ੍ਹਾਂ ਵੱਲੋਂ ਇਹ ਜਨਰੇਟਰ ਸੈੱਟ ਨਹੀਂ ਹਟਾਏ ਗਏ ਉਨ੍ਹਾਂ ਵਿਰੁੱਧ ਨਿਯਮਾਂ ਪੀਐਮਸੀ ਐਕਟ 1976 ਅਧੀਨ 246, 246 (ਓ) 1,2,3 ਕਾਨੂੰਨ ਮੁਤਾਬਿਕ ਕਾਨੂੰਨੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਹਟਾਇਆ ਜਾਵੇਗਾ, ਜਿਸਦੇ ਖਰਚੇ ਦੇ ਜਿੰਮੇਵਾਰੀ ਉਹ ਖੁੱਦ ਹੋਣਗੇ। ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਜੇਕਰ ਨਿਗਮ ਇਨ੍ਹਾਂ ਜਨਰੇਟਰਾਂ ਨੂੰ ਹਟਾਉਂਦਾ ਹੈ ਤਾਂ ਇਨ੍ਹਾਂ ਦਾ ਖਰਚਾ ਸਬੰਧਿਤ ਕੰਪਨੀਆਂ ਵੱਲੋਂ ਵਸੂਲਿਆ ਜਾਵੇਗਾ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇਸਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਜਨਰੇਟਰ ਬਾਹਰ/ਫੁੱਟਪਾਥ/ਸੜਕ/ਗਲੀ ’ਤੇ ਪਏ ਹਨ ਉਨ੍ਹਾਂ ਨੂੰ ਹਟਾ ਲਿਆ ਜਾਵੇ ਤਾਂ ਜੋ ਟ੍ਰੈਫਿਕ ਦੀ ਆਵਾਜਾਈ ਵਿੱਚ ਵਿਘਨ ਨਾ ਪੈ ਸਕੇ।