ਪਹਿਲੇ ਦਿਨ ਹੀ ਸਾਫ-ਸਫਾਈ ਦੀ ਨਿੱਜੀ ਤੌਰ ’ਤੇ ਕੀਤੀ ਨਿਗਰਾਨੀ
ਕਪੂਰਥਲ਼ਾ, 24 ਫਰਵਰੀ (ਬਰਿੰਦਰ ਚਾਨਾ) : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਨਗਰ ਨਿਗਮ ਕਪੂਰਥਲ਼ਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲਿਆ ਗਿਆ। ਸ੍ਰੀ ਬਾਜਵਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਤੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗਾ। ਸ੍ਰੀ ਬਾਜਵਾ ਵਲੋਂ ਚਾਰਜ ਸੰਭਾਲਣ ਉਪਰੰਤ ਪਹਿਲੇ ਹੀ ਦਿਨ ਸ਼ਹਿਰ ਵਿਚ ਸਾਫ-ਸਫਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਗਈ। ਉਨ੍ਹਾਂ ਸ਼ਹਿਰ ਵਿਚ ਕੂੜੇ ਦੇ ਢੇਰਾਂ ਨੂੰ ਆਪਣੀ ਨਿਗਰਾਨੀ ਵਿਚ ਚੁਕਵਾਇਆ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਸ਼ਹਿਰ ਦੀ ਸਫਾਈ ਦੇ ਨਾਲ-ਨਾਲ ਨਗਰ ਨਿਗਮ ਦੇ ਵਿੱਤੀ ਸਾਧਨਾਂ ਵਿਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਟੈਕਸ ਕੁਲੈਕਸ਼ਨ ’ਤੇ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਦੇ ਆਲੇ-ਦੁਲਾਏ ਕੂੜਾ ਨਾ ਸੁੱਟਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਬੰਦ ਕਰਕੇ ਕੱਪੜਾ ਜਾਂ ਜੂਟ ਦੇ ਥੈਲਿਆਂ ਦਾ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਟੋਲ ਫ੍ਰੀ ਨੰਬਰ 18003096161, 76580—70100 ਅਤੇ 94170—13337 ‘ਤੇ ਦਰਜ ਕਰਵਾਈ ਜਾ ਸਕਦੀ ਹੈ।