ਕਪੂਰਥਲਾ ਨਿਊਜ਼ : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਇੱਕ ਰਾਈਸ ਮਿੱਲ ਦੀ ਪਿਛਲੀ ਕੰਧ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਚੌਲ ਚੋਰੀ ਕਰਨ ਦੀ ਘਟਨਾ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੇਖਾਕਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਚਾਵਲਾ ਵਾਸੀ ਪੰਜਾਬੀ ਬਾਗ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਜੈਨ ਐਗਰੋ ਇੰਡਸਟਰੀਜ਼ ਰਾਈਸ ਮਿੱਲ ਵਿੱਚ ਮੁਨੀਮ ਦਾ ਕੰਮ ਕਰਦਾ ਹੈ। 26 ਫਰਵਰੀ ਨੂੰ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਚੌਲ ਮਿੱਲ ਵਿੱਚ ਕੰਮ ਕਰਨ ਆਇਆ ਤਾਂ ਉਸ ਨੇ ਦੇਖਿਆ ਕਿ ਸ਼ੈਲਰ ਵਿੱਚ ਪਈਆਂ ਚੌਲਾਂ ਦੀਆਂ ਬੋਰੀਆਂ ਗਾਇਬ ਸਨ, ਇਸ ਵਿੱਚੋਂ 45-50 ਦੇ ਕਰੀਬ ਚੌਲਾਂ ਦੀਆਂ ਬੋਰੀਆਂ ਗਾਇਬ ਸਨ, ਜਿਸ ਨੂੰ ਕੋਈ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਜਦੋਂ ਉਸ ਨੇ ਆਸਪਾਸ ਜਾ ਕੇ ਦੇਖਿਆ ਤਾਂ ਮਿੱਲ ਦੇ ਪਿੱਛੇ ਖੇਤਾਂ ਵੱਲ ਦੀ ਕੰਧ ਟੁੱਟੀ ਹੋਈ ਸੀ। ਜਿੱਥੋਂ ਅਣਪਛਾਤੇ ਚੋਰਾਂ ਨੇ ਰਾਈਸ ਮਿੱਲ ਅੰਦਰ ਦਾਖਲ ਹੋ ਕੇ 25 ਕੁਇੰਟਲ ਤੋਂ ਵੱਧ ਚੌਲ ਚੋਰੀ ਕਰ ਲਏ, ਜਿਸ ਦੀ ਕੀਮਤ ਇੱਕ ਲੱਖ ਤੋਂ ਵੱਧ ਹੈ। ਥਾਣਾ ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਰਾਈਸ ਮਿੱਲ ਦੇ ਲੇਖਾਕਾਰ ਗਗਨ ਚਾਵਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਚੋਰ ਰਾਈਸ ਮਿੱਲ ਦਾ ਪੁਰਾਣਾ ਕਰਮਚਾਰੀ ਜਾਂ ਕੋਈ ਮੁਲਾਜਮ ਹੋ ਸਕਦਾ ਹੈ।
ਰਾਈਸ ਮਿੱਲ ਦੀ ਕੰਧ ਤੌੜ ਕੇ ਚੋਰਾਂ ਨੇ 50 ਬੋਰੀਆਂ ਕੀਤੀਆਂ ਚੋਰੀ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
