ਕਪੂਰਥਲਾ (ਬਰਿੰਦਰ ਚਾਨਾ) : ਮਾਰਕਿਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਵੱਲੋਂ ਪੰਜਾਬ ਮੰਡੀ ਬੋਰਡ ਦੇ ਅਧੀਨ ਕਪੂਰਥਲਾ ਵਿਖੇ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਮਾਰਕਿਟ ਕਮੇਟੀ ਕਪੂਰਥਲਾ ਦੇ ਅਧਿਕਾਰੀਆਂ ਅਤੇ ਕਾਰਜਕਾਰੀ ਇੰਜੀਨਅਰ (ਸਿਵਲ) ਪੰਜਾਬ ਮੰਡੀ ਬੋਰਡ ਕਪੂਰਥਲਾ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਚੇਅਰਮੈਨ ਜਗਜੀਤ ਸਿੰਘ ਬਿੱਟੂ ਨੇ ਦਸਿਆ ਕਿ ਪੰਜਾਬ ਮੰਡੀ ਬੋਰਡ ਦੇ ਅਧੀਨ ਕੁੱਝ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਿੰਡ ਭਾਣੋਲੰਘਾਂ, ਝੱਲ ਠੀਕਰੀਵਾਲ, ਜਲਾਲ ਭੁਲਾਣਾ, ਹੁਸੈਨਪੁਰ, ਸੈਦੋ ਭੁਲਾਣਾ ਆਦਿ ਸ਼ਾਮਿਲ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਪੱਕੀਆਂ ਸੜਕਾਂ ਬਣਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਚੇਅਰਮੈਨ ਬਿੱਟੂ ਨੇ ਦਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਵਿਕਾਸ ਕੰਮਾਂ ਸਬੰਧੀ ਐਸਟੀਮੇਟ ਤਿਆਰ ਕਰਕੇ ਭੇਜੇ ਗਏ ਹਨ ਜੋ ਜਲਦ ਹੀ ਪ੍ਰਵਾਨਗੀ ਲੈਣ ਉਪਰੰਤ ਸ਼ੁਰੂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਡੀ ਬੋਰਡ ਦਾ ਆਰ.ਡੀ.ਐਫ ਰੋਕਣ ਦੇ ਬਾਵਜੂਦ ਵੀ ਪੰਜਾਬ ਮੰਡੀ ਬੋਰਡ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਦੇ ਪਿੰਡਾਂ ਦੀਆਂ ਲਿੰਕ ਸੜਕਾਂ, ਮੰਡੀਆਂ ਆਦਿ ਪੇਂਡੂ ਖੇਤਰਾਂ ਦਾ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾ ਕੇ ਮੁੜ ਸੁਨਹਿਰੀ ਦੌਰ ਲਿਆਂਦਾ ਜਾਵੇ ਅਤੇ ਇਸ ਮੰਤਵ ਦੀ ਪੂਰਤੀ ਲਈ ਪਿੰਡਾਂ ਦਾ ਚਹੁੰਮੁਖੀ ਵਿਕਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਮਾਡਲ ਪਿੰਡਾਂ ਵੱਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਮਾਰਕਿਟ ਕਮੇਟੀ ਕਪੂਰਥਲਾ ਦੇ ਸਕੱਤਰ ਅਮਰਦੀਪ ਸਿੰਘ ਕੌੜਾ, ਸੁਪਰਡੈਂਟ ਪ੍ਰਿਥੀਪਾਲ ਸਿੰਘ ਘੁੰਮਣ, ਕਾਰਜਕਾਰੀ ਇੰਜੀਨਅਰ (ਸਿਵਲ) ਦੇ ਐਸਡੀਓ ਰਕੇਸ਼ ਕੁਮਾਰ, ਜੇ.ਈ ਸੁਰਿੰਦਰ ਕੁਮਾਰ, ਜੇ.ਈ ਬਲਵਿੰਦਰ ਸਿੰਘ, ਮਾਰਕਿਟ ਕਮੇਟੀ ਦੇ ਲੇਖਾਕਾਰ ਹਰਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਚਰਨਜੀਤ ਲਾਲ, ਸਤਨਾਮ ਸਿੰਘ ਤੇ ਹੋਰ ਹਾਜਰ ਸਨ।
ਮਾਰਕਿਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਨੇ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ
