31 ਅਗਸਤ 2025 ਤੱਕ ਹੋ ਸਕਣਗੀਆਂ ਬਗੈਰ ਐਨ.ਓ.ਸੀ. ਰਜਿਸਟਰੀਆਂ
ਮਾਲ ਅਧਿਕਾਰੀਆਂ, ਟਾਊਨ ਪਲੈਨਰਾਂ ਨੂੰ ਫੈਸਲਾ ਇੰਨ-ਬਿੰਨ ਲਾਗੂ ਕਰਨ ਦੇ ਹੁਕਮ
ਕਪੂਰਥਲਾ, (ਬਰਿੰਦਰ ਚਾਨਾ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਇਕ ਲੋਕ ਪੱਖੀ ਫੈਸਲੇ ਤਹਿਤ ਹਾਊਸਿੰਗ, ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਵਿਭਾਗ ਕੋਲੋਂ ਬਗੈਰ ਐਨ.ਓ.ਸੀ. ਪਲਾਟ ਦੀ ਰਜਿਸਟਰੀ ਕਰਵਾਉਣ ਦੀ ਸਮਾਂ ਸੀਮਾ 31 ਅਗਸਤ 2025 ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਜ਼ੋਰਦਾਰ ਮੰਗ ’ਤੇ ਕਾਰਵਾਈ ਕਰਦਿਆਂ ਇਹ ਤਰੀਕ 31 ਅਗਸਤ ਤੱਕ ਵਧਾਈ ਗਈ ਹੈ ਜਦਕਿ ਪਹਿਲਾਂ ਇਹ 28 ਫਰਵਰੀ 2025 ਤੱਕ ਸੀ। ਸ੍ਰੀ ਪੰਚਾਲ ਨੇ ਦੱਸਿਆ ਕਿ ਅਣਅਧਿਕਾਰਤ ਕਾਲੋਨੀਆਂ ਵਿਚ 500 ਗਜ਼ ਤੱਕ ਦੇ ਪਲਾਟ, ਜਿਨ੍ਹਾਂ ਨੂੰ ਵੇਚਣ, ਖਰੀਦਣ ਸਬੰਧੀ ਬਿਨੈਕਾਰ ਵਲੋਂ 31 ਜੁਲਾਈ 2024 ਤੋਂ ਪਹਿਲਾਂ ਅਸ਼ਟਾਮ ਉੱਪਰ ਕੋਈ ਐਗਰੀਮੈਂਟ ਕੀਤਾ ਗਿਆ ਹੈ, ਉਹ ਬਿਨੈਕਾਰ ਇਸ ਯੋਜਨਾ ਤਹਿਤ 1 ਮਾਰਚ 2025 ਤੋਂ 31 ਅਗਸਤ 2025 ਤੱਕ ਬਗੈਰ ਐਨ.ਓ.ਸੀ. ਲਏ ਰਜਿਸਟਰੀ ਕਰਵਾ ਸਕਦਾ ਹੈ । ਸ੍ਰੀ ਪੰਚਾਲ ਨੇ ਸਮੂਹ ਮਾਲ ਅਫਸਰਾਂ, ਰਜਿਸਟਰਾਰ- ਸਬ ਰਜਿਸਟਰਾਰ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਇਸ ਲੋਕ ਹਿੱਤ ਦੇ ਫੈਸਲੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਹਾ ਲੈ ਸਕਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 31 ਅਗਸਤ 2025 ਤੱਕ ਆਪਣੀਆਂ ਰਜਿਸਟਰੀਆਂ ਕਰਵਾਕੇ ਪੰਜਾਬ ਸਰਕਾਰ ਦੀ ਛੋਟ ਦਾ ਲਾਭ ਲੈਣ।