ਕਪੂਰਥਲਾ (ਬਰਿੰਦਰ ਚਾਨਾ) : ਮੌਜੂਦਾ ਸਮੇਂ ਵਿਰਾਸਤੀ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਦੇ ਵਿੱਚ ਲਗਾਤਾਰ ਵਧ ਰਹੀ ਅਵਾਰਾ ਕੁੱਤਿਆਂ ਦੀ ਗਿਣਤੀ, ਜਾਨਵਰਾਂ ਅਤੇ ਇਨਸਾਨਾਂ ਲਈ ਖਤਰਿਆਂ ਦੀ ਘੰਟੀ ਬਣਦੀ ਜਾ ਰਹੀ ਹੈ ਅਤੇ ਲੋਕਾਂ ਵਿਚ ਹਰ ਸਮੇਂ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਇਹ ਅਵਾਰਾ ਕੁੱਤਿਆਂ ਦੇ ਝੁੰਡਾਂ ਵਲੋਂ ਬੱਚਿਆਂ ਅਤੇ ਪਾਲਤੂ ਜਾਨਵਰਾਂ ਉਪਰ ਲਗਾਤਾਰ ਹਮਲੇ ਵਧ ਰਹੇ ਹਨ। ਗਲੀ ਮੁਹੱਲਿਆਂ ਵਿਚ ਖੇਡਦੇ ਬੱਚੇ ਅਕਸਰ ਇਹਨਾਂ ਦੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਪਰੰਤੂ ਪ੍ਰਸ਼ਾਸ਼ਨ ਅਤੇ ਸਰਕਾਰ ਵਲੋਂ ਆਵਾਰਾ ਕੁੱਤਿਆਂ ਦੇ ਦਿਨੋਂ ਦਿਨ ਵਧ ਰਹੀ ਦਹਿਸ਼ਤ ਵੱਲ ਬਿਲਕੁਲ ਹੀ ਧਿਆਨ ਵਿਸਾਰੀ ਬੈਠੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਦੇ ਵਾਈਸ ਪ੍ਰਧਾਨ ਪੰਜਾਬ ਅਮਨ ਪ੍ਰਤਾਪ ਬਾਜਵਾ, ਜਿਲ੍ਹਾਂ ਪ੍ਰਧਾਨ ਕਪੂਰਥਲਾ ਸਤਬੀਰ ਸਿੰਘ, ਜਿਲ੍ਹਾਂ ਕੋਆਡੀਨੇਟਰ ਮਦਨ ਲਾਲ, ਜਿਲ੍ਹਾਂ ਸੈਕਟਰੀ ਤਰਨ ਸੂਦ, ਸੈਕਟਰੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਅਤੇ ਜਿਲ੍ਹਾਂ ਜਰਨਲ ਸੈਕਟਰੀ ਯਾਦਵਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਹਾਲੀਆ ਘਟਨਾਵਾਂ ਨਾਲ ਇਕ ਵਾਰ ਫਿਰ ਇਹ ਤੱਥ ਰੇਖਾਂਕਿਤ ਹੋਇਆ ਹੈ ਕਿ ਪੰਜਾਬ ਭਰ ਵਿਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀ ਖੌਫ਼ਨਾਕ ਅਲਾਮਤ ਬੇਰੋਕ ਜਾਰੀ ਹੈ ਅਤੇ ਇਸ ਨੂੰ ਨੱਥ ਪਾਉਣ ਲਈ ਹੁਣ ਤੱਕ ਅਪਣਾਏ ਗਏ ਸਾਰੇ ਹੀਲੇ-ਵਸੀਲੇ ਨਿਸਫਲ ਸਾਬਿਤ ਹੋਏ ਹਨ। ਆਗੂਆਂ ਨੇ ਕਿਹਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਦਿਨ ਪ੍ਰਤੀ ਦਿਨ ਵਧ ਰਹੀ ਦਹਿਸ਼ਤ ਅਤੇ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਹੇ ਇੰਨਾਂ ਅਵਾਰਾ ਤੇ ਖੂੰਖਾਰ ਕੱਤਿਆਂ ਨੂੰ ਸਰਕਾਰੀ ਪੱਧਰ ਤੇ ਪੂਰੀ ਸਹਿ ਮਿਲੀ ਹੋਈ ਹੈ ਤੇ ਇੰਨਾਂ ਨੂੰ ਨਾਂ ਮਾਰਨ ਸੰਬੰਧੀ ਬਿੱਲ ਪਾਸ ਕੀਤਾ ਗਿਆ ਸੀ ਜਿਸ ਵਜ੍ਹਾ ਨਾਲ ਇੰਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਸੈਂਕੜਿਆਂ ਦੇ ਹਿਸਾਬ ਨਾਲ ਵਧ ਰਹੀ ਹੈ ਤੇ ਸਰਕਾਰ ਵੱਲੋਂ ਇੰਨਾਂ ਦੀ ਗਿਣਤੀ ਘੱਟ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ।ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਨਾਂ ਮਾਰਨ ਸੰਬੰਧੀ ਬਿੱਲ ਚ ਸੋਧ ਕੀਤੀ ਜਾਵੇ ਅਤੇ ਅਵਾਰਾ ਕੁੱਤਿਆਂ ਦੀ ਗਿਣਤੀ ਘੱਟ ਕਰਨ ਲਈ ਤੁਰੰਤ ਐਨੀਮਲ ਬਰਥ ਕੰਟਰੋਲ (ਡੌਗ)ਰੂਲ 2001 ਨੂੰ ਲਾਗੂ ਕਰਵਾਇਆ ਜਾਵੇ ਤਾਂ ਜੋ ਪੂਰੇ ਪੰਜਾਬ ਅੰਦਰ ਰੋਜ਼ਾਨਾ ਹੀ ਅਵਾਰਾ ਕੁੱਤਿਆਂ ਵੱਲੋਂ ਮਨੁੱਖਾਂ ਨੂੰ ਖਾ ਜਾਣ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਆਗੂਆਂ ਨੇ ਕਿਹਾ ਕਿ ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪਿੰਡਾਂ ਵਿੱਚ ਖੁੱਲੇ ਹੱਡਾ ਰੋੜੀਆਂ ਤੋਂ ਮਾਸ ਖਾ ਕੇ ਪਲਦੇ ਕੁੱਤਿਆਂ ਵੱਲੋਂ ਕੀਤੀਆਂ ਜਾਂਦੀਆਂ ਹਨ ਇਸ ਲਈ ਸਰਕਾਰ ਵੱਲੋਂ ਇੰਨਾਂ ਹੱਡਾਂ ਰੋੜੀਆਂ ਦੀ ਜਗ੍ਹਾ ਤੇ ਮਰਨ ਵਾਲੇ ਪਸ਼ੂਆਂ ਦੇ ਮਾਸ ਨੂੰ ਜਲਾਉਣ ਲਈ ਬਿਜਲਈ ਮਸ਼ੀਨਾਂ ਲਗਾਈਆਂ ਜਾਣ। ਆਗੂਆਂ ਨੇ ਕਿਹਾ ਕਿ ਇੰਨਾਂ ਦਿਨੀ ਕਪੂਰਥਲੇ ਦੇ ਕਿ ਇਲਾਕਿਆਂ ਵਿਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜੋ ਘਾਤਕ ਸਾਬਿਤ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਦੇਸ਼ ਭਰ ਵਿਚ ਕੁੱਤਿਆਂ ਦੇ ਹਮਲਿਆਂ ਦੇ ਸੰਗੀਨ ਵਾਕਿਆਤ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਪ੍ਰਤੀ ਗੰਭੀਰਤਾ ਨਹੀਂ ਵਰਤੀ ਜਾ ਰਹੀ।ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਵੀ ਬਹੁਤ ਵਾਧਾ ਹੋ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਨੀਤੀਆਂ ਦਾ ਜਾਇਜ਼ਾ ਲੈ ਕੇ ਕਾਰਗਰ ਕਦਮ ਉਠਾਉਣ ਦੀ ਲੋੜ ਹੈ। ਹਾਲਾਂਕਿ ਇਹ ਜਟਿਲ ਮਸਲਾ ਹੈ ਜਿਸ ਦੇ ਵੱਖ ਵੱਖ ਪਹਿਲੂ ਘੋਖ ਕੇ ਰਣਨੀਤੀ ਘੜੀ ਜਾਣੀ ਚਾਹੀਦੀ ਹੈ ਪਰ ਕਈ ਥਾਈਂ ਦੇਖਿਆ ਗਿਆ ਹੈ ਕਿ ਕੁੱਤਿਆਂ ਦੀ ਆਦਮਖੋਰ ਪ੍ਰਵਿਰਤੀ ਲਈ ਹੱਡਾ ਰੋੜੀਆਂ ਦਾ ਕੁ-ਪ੍ਰਬੰਧ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੁੰਦਾ ਹੈ।ਆਗੂਆਂ ਨੇ ਕਿਹਾ ਕਿ ਅਸਲ ਵਿਚ ਇਸ ਮਾਮਲੇ ਵਿਚ ਜਨਤਕ ਸੁਰੱਖਿਆ ਅਤੇ ਜਾਨਵਰਾਂ ਦੇ ਅਧਿਕਾਰਾਂ ਵਿਚਕਾਰ ਤਾਲਮੇਲ ਬਿਠਾਉਣ ਦਾ ਮਸਲਾ ਪੇਸ਼ ਆਉਂਦਾ ਹੈ ਜਿਸ ਨੂੰ ਮੁਖ਼ਾਤਬਿ ਹੋਣ ਲਈ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਉਨ੍ਹਾਂ ਲਈ ਆਸਰਾ ਘਰਾਂ ਦਾ ਪ੍ਰਬੰਧ ਅਤੇ ਉਨ੍ਹਾਂ ਨੂੰ ਪਾਲਤੂ ਬਣਾ ਕੇ ਘਰਾਂ ਵਿਚ ਰੱਖਣ ਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕਈ ਵਾਰ ਇਨ੍ਹਾਂ ਨੂੰ ਲਾਗੂ ਕਰਨ ਵਿਚ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਦੀ ਭਰਪਾਈ ਲਈ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੀ.ਪੀ.ਐੱਸ ਟਰੈਕਿੰਗ ਕਾਲਰ ਪਹਿਨਾ ਕੇ ਅਵਾਰਾ ਕੁੱਤਿਆਂ ਤੇ ਨਿਗਰਾਨੀ ਰੱਖੀ ਜਾ ਸਕਦੀ ਹੈ। ਜੇ ਇਸ ਤਰ੍ਹਾਂ ਦੇ ਸਾਰੇ ਕਦਮ ਨਿਸਫ਼ਲ ਸਾਬਿਤ ਹੋ ਜਾਂਦੇ ਹਨ ਤਾਂ ਫਿਰ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਅਵਾਰਾ ਕੁੱਤਿਆਂ ਦੀ ਸੰਖਿਆ ਤੇ ਕਾਬੂ ਪਾਉਣ ਦੇ ਸਖ਼ਤ ਕਦਮ ਅਪਣਾਉਣੇ ਹੱਕ ਕਮਜ਼ੋਰ ਹਨ। ਜਿਨ੍ਹਾਂ ਨੂੰ ਲੈ ਕੇ ਕੁਝ ਹਲਕਿਆਂ ਵਲੋਂ ਇਤਰਾਜ਼ ਵੀ ਪ੍ਰਗਟ ਕੀਤੇ ਜਾਂਦੇ ਹਨ ਪਰ ਇੱਥੇ ਸਮੱਸਿਆ ਇਹ ਹੈ ਕਿ ਜਦੋਂ ਬੱਚੇ,ਬਜ਼ੁਰਗ ਅਤੇ ਬਾਲਗ ਵੀ ਅਵਾਰਾ ਕੁੱਤਿਆਂ ਦੇ ਹਮਲਿਆਂ ਦੀy ਜ਼ੱਦ ਵਿਚ ਆ ਰਹੇ ਹੋਣ ਤਾਂ ਫਿਰ ਕੋਈ ਫ਼ੈਸਲਾਕੁਨ ਕਦਮ ਚੁੱਕਣਾ ਸਮੇਂ ਦੀ ਲੋੜ ਬਣ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਵਿਚ ਇਹਨਾਂ ਦੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਵਾਰਾ ਕੁੱਤਿਆਂ ਦੇ ਝੁੰਡਾਂ ਵਲੋਂ ਅਕਸਰ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਤੇ ਹਮਲੇ ਕੀਤੇ ਜਾ ਰਹੇ ਹਨ। ਇਹਨਾਂ ਵਲੋਂ ਜਾਨਵਰ ਜਿਵੇਂ ਗਊ, ਕੱਟਰੂ ਅਤੇ ਵੱਛਿਆਂ ਨੂੰ ਨੋਚ ਕੇ ਖਾਣ ਦੀਆਂ ਘਟਨਾਵਾਂ ਵੀ ਅਕਸਰ ਸੁਰਖੀਆਂ ਚ ਰਹਿੰਦੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿਚ ਸਥਾਨਕ ਸੰਸਥਾਵਾਂ ਅਤੇ ਜਾਗਰੂਕ ਨਾਗਰਿਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਇਸ ਮਾਮਲੇ ਨੂੰ ਘੱਟ ਤੋਂ ਘੱਟ ਅਹਿੰਸਕ ਤੌਰ-ਤਰੀਕਿਆਂ ਨਾਲ ਹੱਲ ਕਰਨ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕੇ।
ਅਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਸੰਖਿਆ ਬਣੀ ਖਤਰੇ ਦੀ ਘੰਟੀ : ਬਾਜਵਾ/ਸਤਬੀਰ/ਮਦਨ/ਤਰਨ/ਗੁਰਮੀਤ/ਯਾਦਵਿੰਦਰ
